ਸਿਆਟਲ : ਬੋਇੰਗ ਨੇ ਆਪਣੇ ਪੇਸ਼ੇਵਰ ਐਰੋਸਪੇਸ ਮਜ਼ਦੂਰ ਯੂਨੀਅਨ ਦੇ 400 ਤੋਂ ਵੱਧ ਮੈਂਬਰਾਂ ਨੂੰ ਨੌਕਰੀ ਤੋਂ ਕੱਢਣ ਦਾ ਨੋਟਿਸ ਭੇਜਿਆ ਹੈ। ਇਹ ਵਿੱਤੀ ਤੇ ਰੈਗੂਲੇਟਰੀ ਸਮੱਸਿਆਵਾਂ ਤੋਂ ਉਭਰਨ ਲਈ ਸੰਘਰਸ਼ ਕਰ ਰਹੀ ਕੰਪਨੀ ਦੀ ਹਜ਼ਾਰਾਂ ਵਰਕਰਾਂ ਦੀ ਨੌਕਰੀ ਨੂੰ ਕੱਢਣ ਦੀ ਯੋਜਨਾ ਦਾ ਹਿੱਸਾ ਹੈ। ਇਸ ਤੋਂ ਇਲਾਵਾ ਮਸ਼ੀਨਿਸਟ ਯੂਨੀਅਨ ਦੀ ਅੱਠ ਹਫਤੇ ਦੀ ਹੜਤਾਲ ਵੀ ਇਸ ਦਾ ਇਕ ਕਾਰਨ ਹੈ।
ਪਿਛਲੇ ਹਫਤੇ ਸੁਸਾਇਟੀ ਆਫ ਪ੍ਰੋਫੈਸ਼ਨਲ ਇੰਜੀਨੀਅਰ ਇਨ ਐਰੋਸਪੇਸ ਦੇ ਮੈਂਬਰਾਂ ਨੂੰ ਨੌਕਰੀ ਤੋਂ ਕੱਢਣ ਦਾ ਨੋਟਿਸ ਮਤਲਬ ‘ਪਿੰਕ ਸਲਿੱਪ’ ਭੇਜੀ ਗਈ। ਮੁਲਾਜ਼ਮਾਂ ਨੂੰ ਜਨਵਰੀ ਦੇ ਅੱਧ ਤੱਕ ਤਨਖਾਹ ਮਿਲੇਗੀ। ਬੋਇੰਗ ਨੇ ਅਕਤੂਬਰ ’ਚ ਐਲਾਨ ਕੀਤਾ ਸੀ ਕਿ ਉਹ ਆਉਣ ਵਾਲੇ ਮਹੀਨਿਆਂ ’ਚ ਆਪਣੇ ਮੁਲਾਜ਼ਮਾਂ ਦੀ ਗਿਣਤੀ 10 ਫੀਸਦੀ ਮਤਲਬ 17000 ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਸੀ ਈ ਓ ਕੈਲੀ ਆਰਟਬਰਗ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਕੰਪਨੀ ਨੂੰ ‘ਆਪਣੀ ਵਿੱਤੀ ਅਸਲੀਅਤ ਮੁਤਾਬਕ ਆਪਣੇ ਮੁਲਾਜ਼ਮਾਂ ਦੇ ਪੱਧਰ ਨੂੰ ਮੁੜ ਤੋਂ ਨਿਰਧਾਰਤ ਕਰਨਾ ਹੋਵੇਗਾ।’ ਛਾਂਟੀ ਨਾਲ 438 ਮੈਂਬਰ ਪ੍ਰਭਾਵਤ ਹੋਣਗੇ।