ਨਵੀਂ ਦਿੱਲੀ : ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਐਤਵਾਰ ਪਾਰਟੀ ਛੱਡ ਦਿੱਤੀ।
‘ਆਪ’ ਦੇ ਪ੍ਰਮੁੱਖ ਆਗੂ ਰਹੇ ਗਹਿਲੋਤ ਨੇ ਆਪਣੇ ਅਸਤੀਫੇ ’ਚ ਹਾਲ ’ਚ ਹੋਏ ਵਿਵਾਦਾਂ ਅਤੇ ਅਧੂਰੇ ਵਾਅਦਿਆਂ ਦਾ ਹਵਾਲਾ ਦਿੱਤਾ ਹੈ। ਮੁੱਖ ਮੰਤਰੀ ਆਤਿਸ਼ੀ ਨੂੰ ਲਿਖੇ ਪੱਤਰ ’ਚ ਨਜਫਗੜ੍ਹ ਤੋਂ ਵਿਧਾਇਕ ਗਹਿਲੋਤ ਨੇ ਤੁਰੰਤ ਪ੍ਰਭਾਵ ਤੋਂ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਦੇ ਦਿੱਤਾ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੱਖਰੇ ਪੱਤਰ ’ਚ ਗਹਿਲੋਤ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਆਪਣਾ ਅਸਤੀਫਾ ਦੇ ਦਿੱਤਾ। ਉਨ੍ਹਾ ਅਸਤੀਫਾ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ਉੱਤੇ ਵੀ ਸਾਂਝਾ ਕੀਤਾ। ਗਹਿਲੋਤ ਨੇ ਕੇਜਰੀਵਾਲ ਦੀ ਪਿਛਲੀ ਰਿਹਾਇਸ਼ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਪਾਰਟੀ ਨੂੰ ‘ਸ਼ੀਸ਼ ਮਹਿਲ’ ਵਰਗੇ ਸ਼ਰਮਨਾਕ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾ ਦੋਸ਼ ਲਾਇਆ ਕਿ ਲੋਕਾਂ ਦੇ ਅਧਿਕਾਰਾਂ ਲਈ ਲੜਨ ਦੀ ਥਾਂ ਤੁਸੀਂ ਆਪਣੇ ਖੁਦ ਦੇ ਏਜੰਡੇ ਲਈ ਲੜਨ ’ਚ ਵਿਅਸਤ ਹੋ, ਜਿਸ ਨਾਲ ਦਿੱਲੀ ਵਾਲਿਆਂ ਨੂੰ ਬੁਨਿਆਦੀ ਸੇਵਾਵਾਂ ਦੀ ਸਪਲਾਈ ਰੁਕ ਗਈ ਹੈ।
ਭਾਜਪਾ ਸਾਂਸਦ ਮਨੋਜ ਤਿਵਾੜੀ ਨੇ ਕਿਹਾ ਕਿ ਗਹਿਲੋਤ ਦੇ ਅਸਤੀਫੇ ਤੋਂ ਬਾਅਦ ‘ਆਪ’ ਖਤਮ ਹੋ ਗਈ ਹੈ। ਕਈ ਹੋਰ ਆਗੂ ਵੀ ਆਪ ਛੱਡਣ ਦੀ ਸੋਚ ਰਹੇ ਹਨ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਪ ਡੁੱਬਦਾ ਜਹਾਜ਼ ਹੈ।
ਆਪ ਦੇ ਸਾਂਸਦ ਤੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਈ ਡੀ ਤੇ ਇਨਕਮ ਟੈਕਸ ਵਾਲਿਆਂ ਨੇ ਗਹਿਲੋਤ ’ਤੇ ਕਈ ਵਾਰ ਛਾਪੇ ਮਾਰੇ। ਭਾਜਪਾ ਉਨ੍ਹਾ ਦੇ ਪਿੱਛੇ ਪਈ ਹੋਈ ਸੀ। ਹੁਣ ਉਨ੍ਹਾ ਕੋਲ ਭਾਜਪਾ ’ਚ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ।