ਇੰਫਾਲ : ਇੰਫਾਲ ਪੱਛਮੀ ਅਤੇ ਇੰਫਾਲ ਪੂਰਬੀ ’ਚ ਕਰਫਿਊ ਦੇ ਵਿਚਕਾਰ ਸੂਬੇ ਦੇ ਉੱਚ ਅਤੇ ਤਕਨੀਕੀ ਸਿੱਖਿਆ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ’ਚ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਮੰਗਲਵਾਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ। ਵਿਭਾਗ ਨੇ ਕਿਹਾ ਕਿ ਕਈ ਜ਼ਿਲ੍ਹਿਆਂ ’ਚ ਕਰਫਿਊ ਦੇ ਮੱਦੇਨਜ਼ਰ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰੀ ਸੰਸਥਾਵਾਂ/ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਅਤੇ ਤਕਨੀਕੀ ਸਿੱਖਿਆ ਵਿਭਾਗ, ਮਨੀਪੁਰ ਸਰਕਾਰ ਸਮੇਤ ਇਨ੍ਹਾਂ ਜ਼ਿਲ੍ਹਿਆਂ ਦੀਆਂ ਰਾਜ ਯੂਨੀਵਰਸਿਟੀਆਂ 19 ਨਵੰਬਰ ਤੱਕ ਬੰਦ ਰਹਿਣਗੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ ਆਈ ਏ) ਨੇ ਇਸ ਮਹੀਨੇ ਦੇ ਪਹਿਲੇ ਦੋ ਹਫਤਿਆਂ ’ਚ ਮਨੀਪੁਰ ’ਚ ਹੋਈ ਹਿੰਸਾ ਨਾਲ ਜੁੜੇ ਤਿੰਨ ਮੁੱਖ ਮਾਮਲਿਆਂ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਵਧੀ ਹਿੰਸਾ ਦੇ ਨਤੀਜੇ ਵਜੋਂ ਸੂਬਾ ਸਰਕਾਰ ਨੇ ਸੱਤ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ।




