ਨਵੀਂ ਦਿੱਲੀ : ਬੁੱਧਵਾਰ ਮਹਾਰਾਸ਼ਟਰ ਅਸੰਬਲੀ ਦੀਆਂ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਮੰਗਲਵਾਰ ਮੁੰਬਈ ਦੇ ਵਿਰਾਰ ਇਲਾਕੇ ਦੇ ਹੋਟਲ ’ਚ ਬਹੁਜਨ ਵਿਕਾਸ ਅਘਾੜੀ (ਬੀ ਵੀ ਏ) ਦੇ ਵਰਕਰਾਂ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਕਥਿਤ ਤੌਰ ’ਤੇ ਪੈਸੇ ਵੰਡਦਿਆਂ ਘੇਰ ਲਿਆ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹੋਟਲ ਵਿੱਚੋਂ 9 ਲੱਖ 93 ਹਜ਼ਾਰ ਰੁਪਏ ਮਿਲੇ।
ਬੀ ਵੀ ਏ ਨੇ ਕਿਹਾ ਕਿ ਤਾਵੜੇ ਨੇ ਬੈਗ ਵਿੱਚ ਡਾਇਰੀ ਰੱਖੀ ਹੋਈ ਸੀ, ਜਿਸ ਵਿੱਚ 15 ਕਰੋੜ ਰੁਪਏ ਵੰਡਣ ਦਾ ਜ਼ਿਕਰ ਸੀ। ਬੀ ਵੀ ਏ ਦੇ ਮੁਖੀ ਤੇ ਵਿਧਾਇਕ ਹਿਤੇਂਦਰ ਠਾਕੁਰ ਨੇ ਦੋਸ਼ ਲਾਇਆ ਕਿ ਤਾਵੜੇ ਪੰਜ ਕਰੋੜ ਨਕਦ ਲੈ ਕੇ ਹੋਟਲ ਵਿੱਚ ਪੁੱਜਾ। ਠਾਕੁਰ ਨੇ ਕਿਹਾ ਕਿ ਕੁਝ ਭਾਜਪਾ ਵਰਕਰਾਂ ਨੇ ਹੀ ਉਸ ਨੂੰ ਦੱਸਿਆ ਸੀ ਕਿ ਤਾਵੜੇ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਪੰਜ ਕਰੋੜ ਵੰਡਣ ਵਿਰਾਰ ਆਇਆ ਹੈ। ਉਹ ਹੈਰਾਨ ਹੋਇਆ ਕਿ ਏਨਾ ਵੱਡਾ ਆਗੂ ਏਨਾ ਡਿੱਗ ਪਵੇਗਾ, ਪਰ ਜਦੋਂ ਹੋਟਲ ਪੁੱਜਾ ਤਾਂ ਉਸ ਨੇ ਤਾਵੜੇ ਨੂੰ ਉੱਥੇ ਦੇਖਿਆ।
ਸਥਿਤੀ ਉਦੋਂ ਵਿਗੜ ਗਈ, ਜਦੋਂ ਹਿਤੇਂਦਰ ਠਾਕੁਰ ਦੇ ਬੇਟੇ ਸ਼ਿਤਿਜ ਠਾਕੁਰ ਨੇ ਡਾਇਰੀ ਖੋਹ ਲਈ। ਉਸ ਨੇ ਤਾਵੜੇ ਨੂੰ ਪੁੱਛਿਆ ਕਿ ਚੋਣ ਪ੍ਰਚਾਰ ਸੋਮਵਾਰ ਸ਼ਾਮ ਖਤਮ ਹੋਣ ਦੇ ਬਾਅਦ ਉਹ ਵਿਰਾਰ ਵਿੱਚ ਕੀ ਲੈਣ ਆਇਆ? ਬੀ ਵੀ ਏ ਨੇ ਹੋਟਲ ਦੇ ਸੀ ਸੀ ਟੀ ਵੀ ਕੈਮਰੇ ਨਾ ਚੱਲਣ ’ਤੇ ਵੀ ਸਵਾਲ ਉਠਾਏ। ਠਾਕੁਰ ਨੇ ਕਿਹਾ ਕਿ ਹੋਟਲ ’ਤੇ ਵੀ ਕਾਰਵਾਈ ਕੀਤੀ ਜਾਵੇ, ਕਿਉਕਿ ਪੈਸੇ ਵੰਡਣ ਖਾਤਰ ਕੈਮਰੇ ਬੰਦ ਕੀਤੇ ਗਏ। ਚੋਣ ਕਮਿਸ਼ਨ ਦੇ ਅਫਸਰਾਂ ਨੇ ਹੋਟਲ ਵਿੱਚ ਤਾਵੜੇ ਦੇ ਕਮਰੇ ਵਿੱਚੋਂ ਪੈਸੇ ਤੇ ਕਾਗਜ਼ਾਤ ਬਰਾਮਦ ਕੀਤੇ, ਪਰ ਚੋਣ ਕਮਿਸ਼ਨ ਨੇ ਕਿਹਾ ਕਿ ਕੁਝ ਬਰਾਮਦ ਹੋਇਆ ਹੈ। ਆਪੋਜ਼ੀਸ਼ਨ ਦੇ ਦੋਸ਼ ਦੇ ਬਾਅਦ ਚੋਣ ਕਮਿਸ਼ਨ ਨੇ ਵਿਨੋਦ ਤਾਵੜੇ ਤੇ ਨਾਲਾਸੋਪਾਰਾ ਦੇ ਭਾਜਪਾ ਉਮੀਦਵਾਰ ਰਾਜਨ ਨਾਇਕ ਖਿਲਾਫ ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਐੱਫ ਆਈ ਆਰ ਦਰਜ ਕਰਵਾ ਦਿੱਤੀ ਹੈ। ਪੁਲਸ ਦੀ ਡਿਪਟੀ ਕਮਿਸ਼ਨਰ ਪੂਰਨਿਮਾ ਚੌਗੁਲੇ ਨੇ ਦੋ ਐੱਫ ਆਈ ਆਰ ਦਰਜ ਕਰਨ ਦੀ ਗੱਲ ਕਹੀ, ਪਰ ਵੇਰਵੇ ਨਹੀਂ ਦੱਸੇ। ਸ਼ਿਵ ਸੈਨਾ (ਯੂ ਬੀ ਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾਮੈਂ ਇੱਥੇ ਤੁਲਜਾ ਭਵਾਨੀ ਦੇਵੀ ਦੇ ਦਰਸ਼ਨ ਕਰਨ ਆਇਆ ਤਾਂ ਮੇਰਾ ਬੈਗ ਚੈੱਕ ਕੀਤਾ ਗਿਆ, ਪਰ ਉਸ ਵਿੱਚੋਂ ਲੱਭਾ ਕੁਝ ਨਹੀਂ। ਮੀਡੀਆ ਤੋਂ ਮੈਨੂੰ ਪਤਾ ਲੱਗਿਆ ਹੈ ਕਿ ਕੈਸ਼ ਵਿਨੋਦ ਤਾਵੜੇ ਦੇ ਬੈਗਾਂ ਵਿੱਚੋਂ ਲੱਭਾ। ਮੈਂ ਦੇਵੀ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਇਸ ਕੁਰੱਪਟ ਸਰਕਾਰ ਤੋਂ ਛੇਤੀ ਪਿੱਛਾ ਛੁਡਾਵੇ। ਸ਼ਿਵ ਸੈਨਾ (ਯੂ ਬੀ ਟੀ) ਦੇ ਸਾਂਸਦ ਸੰਜੇ ਰਾਊਤ ਨੇ ਕਿਹਾ ਕਿ ਤਾਵੜੇ ਉੱਤੇ ਗ੍ਰਹਿ ਵਿਭਾਗ (ਗ੍ਰਹਿ ਮੰਤਰੀ ਭਾਜਪਾ ਦੇ ਦਵਿੰਦਰ ਫੜਨਵੀਸ ਹਨ) ਨੇ ਨਜ਼ਰ ਰੱਖੀ ਸੀ। ਭਾਜਪਾ ਦੇ ਕੁਝ ਲੋਕ ਅੱਜ ਖੁਸ਼ ਹੋਣਗੇ। ਇਹ ਸਾਜ਼ਿਸ਼ ਤਾਂ ਨਹੀਂ? ਭਵਿੱਖ ਵਿੱਚ ਤਾਵੜੇ ਵੱਡੇ ਆਗੂ ਨਾ ਬਣ ਜਾਣ, ਇਸ ਲਈ ਇਹ ਕੀਤਾ ਗਿਆ। ਮੇਰੇ ਕੋਲ 18 ਲੋਕਾਂ ਦੇ ਨਾਂਅ ਹਨ, ਜਿਹੜੇ ਪੈਸੇ ਵੰਡ ਰਹੇ ਹਨ, ਪਰ ਤਾਵੜੇ ਖੁਦ ਪੈਸੇ ਵੰਡ ਰਹੇ ਸਨ, ਇਹ ਹੈਰਾਨੀ ਦੀ ਗੱਲ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਲਿਖਿਆਮੋਦੀ ਜੀ, ਇਹ ਪੰਜ ਕਰੋੜ ਕਿਸ ਦੇ ਸੇਫ ਵਿੱਚੋਂ ਨਿਕਲਿਆ ਹੈ? ਲੋਕਾਂ ਦਾ ਪੈਸਾ ਲੁੱਟ ਕੇ ਤੁਹਾਨੂੰ ਕਿਹੜੇ ਟੈਂਪੂ ’ਚ ਭੇਜਿਆ? (2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਸੀ ਕਿ ਕਾਂਗਰਸ ਸਰਮਾਏਦਾਰ ਯਾਰਾਂ ਬਾਰੇ ਖਾਮੋਸ਼ ਹੈ, ਕਿਉਕਿ ਉਸ ਨੂੰ ਧਨ ਦੇ ਭਰੇ ਟੈਂਪੂ ਪਹੁੰਚ ਗਏ ਹਨ।) ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਵਿਰਾਰ ਦੇ ਹੋਟਲ ਵਿੱਚ ਪੈਸੇ ਵੰਡਦੇ ਰੰਗੇ ਹੱਥ ਫੜੇ ਗਏ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਤਾਵੜੇ ਨੂੰ ਗਿ੍ਰਫਤਾਰ ਕੀਤਾ ਜਾਵੇ।
ਆਪ ਦੇ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ ਅਡਾਨੀ ਕਰੋੜਾਂ ਰੁਪਏ ’ਚ ਵਿਧਾਇਕ ਖਰੀਦ ਕੇ ਮਹਾਰਾਸ਼ਟਰ ਦੀ ਸਰਕਾਰ ਡੇਗਦਾ ਹੈ। ਭਾਜਪਾ ਸਰਕਾਰ ਬਣਾ ਕੇ ਮਹਾਰਾਸ਼ਟਰ ਵਿੱਚ ਲੱਖਾਂ-ਕਰੋੜਾਂ ਦਾ ਧੰਦਾ ਅਡਾਨੀ ਨੂੰ ਦਿੰਦੀ ਹੈ। ਇਸ ਦੇ ਬਾਅਦ ਉਹ ਅਡਾਨੀ ਦੇ ਕਾਲੇ ਧਨ ਨਾਲ ਲੜਦੀ ਹੈ। ਭਾਜਪਾ ਆਗੂ ਦੇ ਹੱਥ ਵਿੱਚ ਇਹ ਨੋਟਾਂ ਦੀਆਂ ਦੱਥੀਆਂ ਅਡਾਨੀ ਦੀਆਂ ਹਨ। ਭਾਜਪਾ ਮਹਾਰਾਸ਼ਟਰ ਨੂੰ ਅਡਾਨੀ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਸੀਨੀਅਰ ਭਾਜਪਾ ਆਗੂ ਸੁਧੀਰ ਮੰੁਗਟੀਵਰ ਨੇ ਕਿਹਾ ਕਿ ਤਾਵੜੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਹਨ। ਉਹ ਕਿਸੇ ਵਾਰਡ ਵਿੱਚ ਪੈਸੇ ਵੰਡਣ ਜਾਣਗੇ, ਇਹ ਗੱਲ ਜਚਦੀ ਨਹੀਂ।