16.8 C
Jalandhar
Wednesday, November 20, 2024
spot_img

ਵੀ ਆਈ ਪੀ ਕਲਚਰ ਦੀ ਧਰਮ ਸਥਾਨਾਂ ’ਚ ਘੁਸਪੈਠ

ਕੇਂਦਰ ਨੇ 2017 ਵਿਚ ਮੰਤਰੀਆਂ ਤੇ ਨੌਕਰਸ਼ਾਹਾਂ ਸਮੇਤ ਵੀ ਆਈ ਪੀਜ਼ ਦੀਆਂ ਕਾਰਾਂ ਉੱਤੋਂ ਲਾਲ ਬੱਤੀਆਂ ਹਟਾਉਣ ਦਾ ਨਿਰਦੇਸ਼ ਜਾਰੀ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦੋਂ ‘ਮਨ ਕੀ ਬਾਤ’ ਵਿਚ ਇਸ ਨਿਰਦੇਸ਼ ਦੇ ਹਵਾਲੇ ਨਾਲ ਕਿਹਾ ਸੀ ਕਿ ਸਰਕਾਰ ਵੈਰੀ ਇੰਪੌਰਟੈਂਟ ਪਰਸਨ (ਵੀ ਆਈ ਪੀਬਹੁਤ ਅਹਿਮ ਸ਼ਖਸੀਅਤ) ਨੂੰ ਐਵਰੀ ਪਰਸਨ ਇਜ਼ ਇੰਪੌਰਟੈਂਟ (ਈ ਪੀ ਆਈਹਰ ਵਿਅਕਤੀ ਅਹਿਮ) ਵਾਲੇ ਕਲਚਰ ਵਿੱਚ ਬਦਲਣਾ ਚਾਹੁੰਦੀ ਹੈ, ਕਿਉਕਿ ਹਰ ਵਿਅਕਤੀ ਦੀ ਵੁੱਕਤ ਤੇ ਅਹਿਮੀਅਤ ਹੁੰਦੀ ਹੈ। ਪ੍ਰਧਾਨ ਮੰਤਰੀ ਵੱਲੋਂ ਸੱਤ ਸਾਲ ਪਹਿਲਾਂ ਕਹੀ ਗਈ ਗੱਲ ਤੋਂ ਬਾਅਦ ਨਾਗਰਿਕਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਵਾਲੇ ਆਨਲਾਈਨ ਸੋਸ਼ਲ ਮੀਡੀਆ ਪਲੇਟਫਾਰਮ ‘ਲੋਕਲ ਸਰਕਲਜ਼’ ਵੱਲੋਂ ਕੀਤਾ ਗਿਆ ਸਰਵੇ ਦਰਸਾਉਦਾ ਹੈ ਕਿ ਸੜਕਾਂ, ਹਸਪਤਾਲਾਂ ਤੇ ਸਰਕਾਰੀ ਦਫਤਰਾਂ ਵਿਚ ਚਲਦਾ ਵੀ ਆਈ ਪੀ ਕਲਚਰ ਘਟਣ ਦੀ ਥਾਂ ਹੋਰ ਵਧ ਗਿਆ ਹੈ ਤੇ ਇੱਥੋਂ ਤੱਕ ਕਿ ਧਰਮ ਸਥਾਨਾਂ ਵਿੱਚ ਵੀ ਘੁਸਪੈਠ ਕਰ ਗਿਆ ਹੈ। ਸਰਵੇ ਅਧੀਨ ਲਿਆਂਦੇ ਗਏ 46 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਵੀ ਆਈ ਪੀ ਕਲਚਰ ਵਿਚ ਕਮੀ ਨਹੀਂ ਆਈ, 14 ਫੀਸਦੀ ਦਾ ਵਿਸ਼ਵਾਸ ਹੈ ਕਿ ਇਹ ਕਾਫੀ ਵਧ ਗਿਆ ਹੈ ਅਤੇ 4 ਫੀਸਦੀ ਨੇ ਕਿਹਾ ਕਿ ਥੋੜ੍ਹਾ ਵਧਿਆ ਹੈ। ਸਰਵੇ ਦੌਰਾਨ 362 ਜ਼ਿਲ੍ਹਿਆਂ ’ਚ ਰਾਇ ਦੇਣ ਵਾਲੇ 8881 ਲੋਕਾਂ ਵਿੱਚੋਂ ਸਿਰਫ 9 ਫੀਸਦੀ ਨੇ ਕਿਹਾ ਕਿ ਵੀ ਆਈ ਪੀ ਕਲਚਰ ਵਿਚ ਜ਼ਿਕਰਯੋਗ ਕਮੀ ਆਈ ਹੈ, ਜਦਕਿ 26 ਫੀਸਦੀ ਨੇ ਕਿਹਾ ਕਿ ਕੁਝ ਘਟਿਆ ਹੈ।
ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰੇ, ਪਰ ਹਕੀਕਤ ਇਹ ਹੈ ਕਿ ਲਾਲ ਬੱਤੀ ਵਾਲੀਆਂ ਕਾਰਾਂ ਵਧੀਆਂ ਹਨ, ਘਟੀਆਂ ਨਹੀਂ। ਸਰਵੇ ਮੁਤਾਬਕ ਸਰਕਾਰੀ ਹਸਪਤਾਲਾਂ ਵਿੱਚ ਜਾਣ ਵਾਲੇ ਲੋਕਾਂ ਵਿੱਚੋਂ 83 ਫੀਸਦੀ, ਸਰਕਾਰੀ ਤੇ ਨਿੱਜੀ ਸਮਾਗਮਾਂ ਵਿੱਚ ਜਾਣ ਵਾਲੇ ਲੋਕਾਂ ਵਿੱਚੋਂ 79 ਫੀਸਦੀ ਅਤੇ ਧਰਮ ਸਥਾਨਾਂ ਵਿੱਚ ਜਾਣ ਵਾਲੇ 72 ਫੀਸਦੀ ਲੋਕਾਂ ਨੇ ਹੰਢਾਇਆ ਜਾਂ ਦੇਖਿਆ ਕਿ ਵੀ ਆਈ ਪੀ ਦਾ ਹੀ ਜਲਵਾ ਸੀ। ਚਾਰ ਵਿੱਚੋਂ ਇਕ ਨੇ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਿੱਲੀ ਵਿੱਚ ਵੀ ਸਿਆਸਤਦਾਨਾਂ, ਨੌਕਰਸ਼ਾਹਾਂ ਤੇ ਹੋਰ ਬਾਰਸੂਖ ਲੋਕਾਂ ਨੂੰ ਤਰਜੀਹ ਮਿਲਦੀ ਦੇਖੀ।
ਇਹ ਸਰਵੇ ਉਦੋਂ ਆਇਆ ਹੈ, ਜਦੋਂ ਦੇਸ਼ ਭਰ ’ਚ ਪ੍ਰਮੁੱਖ ਧਰਮ ਸਥਾਨਾਂ ਵਿੱਚ ‘ਵੀ ਆਈ ਪੀ ਐਂਟਰੀ ਚਾਰਜ’ ਖਿਲਾਫ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਦਸੰਬਰ ਵਿੱਚ ਸੁਣਵਾਈ ਕਰਨੀ ਹੈ। ਪਟੀਸ਼ਨਰ ਨੇ ਕਿਹਾ ਕਿ ਇਸ ਨਾਲ ਗਰੀਬਾਂ ਨੂੰ ਦੇਵੀ-ਦੇਵਤਿਆਂ ਦੇ ਦਰਸ਼ਨ ਕਰਨੇ ਔਖੇ ਹੋ ਜਾਣਗੇ ਅਤੇ ਇਹ ਸੰਵਿਧਾਨ ਦੇ ਆਰਟੀਕਲ 14 (ਬਰਾਬਰੀ ਦਾ ਹੱਕ) ਅਤੇ ਆਰਟੀਕਲ 21 (ਪ੍ਰਤਿਸ਼ਠਾ ਦਾ ਹੱਕ) ਦੀ ਉਲੰਘਣਾ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਧਰਮ ਸਥਾਨ ਛੇਤੀ ਦਰਸ਼ਨ ਕਰਾਉਣ ਲਈ ਚਾਰ ਸੌ ਤੋਂ ਪੰਜ ਸੌ ਰੁਪਏ ਵਸੂਲ ਰਹੇ ਹਨ। ਦੇਖਣ ਵਾਲੀ ਗੱਲ ਹੋਵੇਗੀ ਕਿ ਸੁਪਰੀਮ ਕੋਰਟ ਇਸ ਪਟੀਸ਼ਨ ’ਤੇ ਫੈਸਲਾ ਸਿਰਫ ਧਰਮ ਸਥਾਨਾਂ ਤੱਕ ਹੀ ਸੀਮਤ ਰੱਖਦੀ ਹੈ ਜਾਂ ਹੋਰਨਾਂ ਥਾਵਾਂ ਬਾਰੇ ਵੀ ਟਿੱਪਣੀ ਕਰਦੀ ਹੈ।

Related Articles

Latest Articles