ਭਾਰਤ ਆਉਣ ਵਾਲਿਆਂ ਨੂੰ ਕੈਨੇਡੀਅਨ ਹਵਾਈ ਅੱਡਿਆਂ ’ਤੇ ਚਾਰ ਘੰਟੇ ਪਹਿਲਾਂ ਪਹੁੰਚਣਾ ਪੈਣਾ

0
153

ਵਿਨੀਪੈਗ : ਕੈਨੇਡਾ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਜਲਦੀ ਹੀ ਕੈਨੇਡੀਅਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ ’ਤੇ ਹੋਰ ਸਖਤ ਸੁਰੱਖਿਆ ਉਪਾਵਾਂ ਦਾ ਸਾਹਮਣਾ ਕਰਨਾ ਪਵੇਗਾ। ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਵੱਲੋਂ ਐਲਾਨਿਆ ਗਿਆ ਇਹ ਫੈਸਲਾ ਨਵੇਂ ਅਸਥਾਈ ਪ੍ਰੋਟੋਕੋਲ ਦਾ ਹਿੱਸਾ ਹੈ।
ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਭਾਰਤ ਜਾਣ ਵਾਲੇ ਮੁਸਾਫਰਾਂ ਦੀ ਬਾਰੀਕੀ ਨਾਲ ਪੁਣ-ਛਾਣ ਕੀਤੀ ਜਾਵੇਗੀ ਅਤੇ ਬਾਰਡਰ ਅਫਸਰ ਉਨ੍ਹਾਂ ਦੇ ਸਾਮਾਨ ਦੀ ਡੂੰਘਾਈ ਨਾਲ ਤਲਾਸ਼ੀ ਵੀ ਲੈਣਗੇ। ਏਅਰ ਕੈਨੇਡਾ ਨੇ ਭਾਰਤੀ ਟਿਕਾਣਿਆਂ ਲਈ ਜਾਣ ਵਾਲੇ ਯਾਤਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕੀਤੇ ਹਨ ਕਿ ਉਹ ਆਪਣੀਆਂ ਯਾਤਰਾ ਯੋਜਨਾਵਾਂ ’ਚ ਕਿਸੇ ਵੀ ਰੁਕਾਵਟ ਨੂੰ ਘਟਾਉਣ ਲਈ ਆਪਣੀ ਉਡਾਣ ਦੇ ਰਵਾਨਾ ਹੋਣ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ’ਤੇ ਪਹੁੰਚ ਜਾਣ।ਇਕ ਸਰਕਾਰੀ ਅਫਸਰ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਟੀ ਨੂੰ ਸੌਂਪੀ ਗਈ ਹੈ। ਹਵਾਈ ਅੱਡਿਆਂ ਦੇ ਖਾਸ ਖੇਤਰਾਂ ਵਿਚ ਮੁਸਾਫਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲੈਣ ਦਾ ਕੰਮ ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਟੀ ਵੱਲੋਂ ਹੀ ਕੀਤਾ ਜਾਂਦਾ ਹੈ।
ਸੂਤਰਾਂ ਨੇ ਦੱਸਿਆ ਕਿ ਮੁਸਾਫਰਾਂ ਦੀ ਸਕਰੀਨਿੰਗ ਦਾ ਮਕਸਦ ਇਹ ਵੀ ਹੈ ਕਿ ਕਿਤੇ ਸੰਬੰਧਤ ਮੁਸਾਫਰ ਕਿਸੇ ਮਾਮਲੇ ਵਿਚ ਲੋੜੀਂਦਾ ਤਾਂ ਨਹੀਂ। ਗਿ੍ਰਫਤਾਰੀ ਵਾਰੰਟ ਅਧੀਨ ਲੋੜੀਂਦੇ ਭਾਰਤੀ ਮੂਲ ਦੇ ਸ਼ੱਕੀ ਕੈਨੇਡਾ ਛੱਡ ਕੇ ਫਰਾਰ ਹੋਣ ਦਾ ਯਤਨ ਕਰ ਸਕਦੇ ਹਨ ਅਤੇ ਇਸ ਕਾਰਨ ਸੁਰੱਖਿਆ ਜਾਂਚ ਦਾ ਘੇਰਾ ਹੋਰ ਸਖਤ ਕੀਤਾ ਜਾ ਰਿਹਾ ਹੈ।
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਨਵਾਂ ਪ੍ਰੋਟੋਕੋਲ ਸਿੱਖਸ ਫਾਰ ਜਸਟਿਸ ਸਮੂਹ ਵੱਲੋਂ ਏਅਰ ਇੰਡੀਆ ਦੀਆਂ ਉਡਾਨਾਂ ਸੰਬੰਧੀ ਜਾਰੀ ਧਮਕੀਆਂ ਨਾਲ ਜੁੜੀਆਂ ਚੇਤਾਵਨੀਆਂ ਤੋਂ ਵੀ ਪੈਦਾ ਹੋਇਆ ਹੈ।