ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਫ਼ੈਸਲਾ ਜਲਦ ਲਿਆ ਜਾਵੇਗਾ। ਇਹ ਐਲਾਨ ਸ਼ਨੀਵਾਰ ਇੱਥੇ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ’ਚ ਸ਼ਮੂਲੀਅਤ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕੀਤਾ।
ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਮਸਲਾ ਬਹੁਤ ਵੱਡਾ ਹੈ ਅਤੇ ਸੰਸਾਰ ਭਰ ਦੇ ਸਿੱਖਾਂ ਦੀ ਇਸ ਪਾਸੇ ਨਜ਼ਰ ਹੈ।ਇਸ ਲਈ ਜਲਦੀ ਹੀ ਸਮੂਹ ਜਥੇਦਾਰ ਸਹਿਬਾਨ ਦੀ ਬੈਠਕ ਬੁਲਾਈ ਜਾ ਰਹੀ ਹੈ ਅਤੇ ਮਸਲਾ ਵਿਚਾਰਿਆ ਜਾਵੇਗਾ।
ਸੁਖਬੀਰ ਬਾਦਲ ਨੂੰ ਧਾਰਮਕ ਜਾਂ ਰਾਜਨੀਤਕ ਸਜ਼ਾ ਦੇਣ ਬਾਰੇ ਪੁੱਛਣ ’ਤੇ ਜਥੇਦਾਰ ਨੇ ਟਾਲਾ ਵੱਟਦੇ ਹੋਏ ਕਿਹਾ ਕਿ ਸਭ ਸਮੇਂ ਅਨੁਸਾਰ ਵੇਖਿਆ ਜਾਵੇਗਾ। ਜਥੇਦਾਰ ਰਘਬੀਰ ਸਿੰਘ ਨੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਪੰਜਾਬ ਅਕਾਲੀ ਦਲ ਤੋਂ ਬਿਨਾਂ ਵਿਕਾਸ ਨਹੀਂ ਕਰ ਸਕਦਾ।




