ਨਵੀਂ ਦਿੱਲੀ : ਆਪੋਜ਼ੀਸ਼ਨ ਵੱਲੋਂ ਵੱਖ-ਵੱਖ ਮੁੱਦਿਆਂ, ਖਾਸਕਰ ਅਡਾਨੀ ਰਿਸ਼ਵਤਖੋਰੀ ਮਾਮਲੇ ਅਤੇ ਯੂ ਪੀ ਦੇ ਸੰਭਲ ਤੇ ਮਨੀਪੁਰ ਦੀ ਹਿੰਸਾ ਨੂੰ ਲੈ ਕੇ ਸੋਮਵਾਰ ਲੋਕ ਸਭਾ ਤੇ ਰਾਜ ਸਭਾ ਵਿਚ ਕੀਤੇ ਗਏ ਹੰਗਾਮੇ ਦਰਮਿਆਨ ਦੋਵਾਂ ਸਦਨਾਂ ਦੀ ਕਾਰਵਾਈ ਕੋਈ ਖਾਸ ਕੰਮ-ਕਾਜ ਕੀਤੇ ਬਿਨਾਂ ਬੁੱਧਵਾਰ ਤੱਕ ਉਠਾ ਦਿੱਤੀ ਗਈ। ਸੋਮਵਾਰ ਸੰਸਦ ਦੇ ਸੀਤ ਰੁੱਤ ਅਜਲਾਸ ਦਾ ਪਹਿਲਾ ਦਿਨ ਸੀ।
ਰਾਜ ਸਭਾ ਦੀ ਕਾਰਵਾਈ ਉਦੋਂ ਦਿਨ-ਭਰ ਲਈ ਮੁਲਤਵੀ ਕਰ ਦਿੱਤੀ ਗਈ, ਜਦੋਂ ਕਾਂਗਰਸ ਦੀ ਅਗਵਾਈ ਵਿਚ ਆਪੋਜ਼ੀਸ਼ਨ ਪਾਰਟੀਆਂ ਨੇ ਅਡਾਨੀ ਸਮੂਹ ਦੇ ਬਾਨੀ ਚੇਅਰਮੈਨ ਗੌਤਮ ਅਡਾਨੀ ਉਤੇ ਲੱਗੇ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਅਮਰੀਕੀ ਅਦਾਲਤ ’ਚ ਦੋਸ਼ ਲਾਏ ਜਾਣ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਲੋਕ ਸਭਾ ਵੀ ਜਦੋਂ ਦੁਪਹਿਰ ਵੇਲੇ ਜੁੜੀ ਤਾਂ ਆਪੋਜ਼ੀਸ਼ਨ ਮੈਂਬਰ ਉੱਤਰ ਪ੍ਰਦੇਸ਼ ਦੇ ਸੰਭਲ ’ਚ ਹੋਈ ਹਿੰਸਾ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਅਤੇ ਅਡਾਨੀ ਵਿਰੁੱਧ ਦੋਸ਼ਾਂ ਦੀ ਜਾਂਚ ਦੀ ਮੰਗ ਕਰਦੇ ਸੁਣੇ ਗਏ। ਸਦਨ ਦੀ ਕਾਰਵਾਈ ਚਲਾ ਰਹੇ ਭਾਜਪਾ ਮੈਂਬਰ ਸੰਧਿਆ ਰੇਅ ਨੇ ਪੁੱਛਿਆ ਕਿ ਕੀ ਮੈਂਬਰ ਸਦਨ ਦੀ ਕਾਰਵਾਈ ਚੱਲਣ ਦੇਣ ਦੇ ਇੱਛੁਕ ਨਹੀਂ ਹਨ। ਇਸ ਤੋਂ ਬਾਅਦ ਉਨ੍ਹਾ ਬੁੱਧਵਾਰ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ। ਮੰਗਲਵਾਰ ਨੂੰ ਸੰਵਿਧਾਨ ਸਭਾ ਵੱਲੋਂ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਦੇ ਸਾਲ-ਭਰ ਚੱਲਣ ਵਾਲੇ ਜਸ਼ਨਾਂ ਦੀ ਸ਼ੁੁਰੂਆਤ ਕਰਨ ਲਈ ਸੈਂਟਰਲ ਹਾਲ ਭਾਵ ਸੰਵਿਧਾਨ ਸਦਨ ’ਚ ਵਿਸ਼ੇਸ਼ ਸਮਾਗਮ ਕੀਤਾ ਜਾਵੇਗਾ।
ਰਾਜ ਸਭਾ ਵਿੱਚ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੀ ਮੇਜ਼ ’ਤੇ ਸੂਚੀਬੱਧ ਕੰਮਕਾਜ ਬਾਰੇ ਕਾਗਜ਼ ਰੱਖੇ ਜਾਣ ਅਤੇ ਚਲਾਣਾ ਕਰ ਗਏ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਤੋਂ ਫੌਰੀ ਬਾਅਦ ਨਿਯਮ 267 ਦੇ ਤਹਿਤ ਭੇਜੇ ਗਏ 13 ਨੋਟਿਸਾਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ’ਚ ਸੱਤ ਨੋਟਿਸ 26.5 ਕਰੋੜ ਅਮਰੀਕੀ ਡਾਲਰ ਦੀ ਰਿਸ਼ਵਤ ਦੇ ਕਥਿਤ ਭੁਗਤਾਨ ਬਾਰੇ ਅਮਰੀਕੀ ਦੋਸ਼ਾਂ ਉਤੇ ਚਰਚਾ ਕਰਨ ਦੀ ਮੰਗ ਨਾਲ ਸੰਬੰਧਤ ਸਨ। ਆਪੋਜ਼ੀਸ਼ਨ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਜੋ ਕਿ ਅਡਾਨੀ ਰਿਸ਼ਵਤ ਦੇ ਮੁੱਦੇ ’ਤੇ ਚਰਚਾ ਕਰਨ ਦੀ ਮੰਗ ਕਰਨ ਵਾਲੇ ਸੱਤ ਮੈਂਬਰਾਂ ’ਚ ਸ਼ਾਮਲ ਸਨ, ਨੇ ਕਿਹਾ ਕਿ ਜੇ ਸੂਚੀਬੱਧ ਕੰਮ-ਕਾਜ ਨੂੰ ਮੁਅੱਤਲ ਕਰ ਦਿੱਤਾ ਜਾਵੇ ਤਾਂ ਆਪੋਜ਼ੀਸ਼ਨ ਪਾਰਟੀਆਂ ਇਹ ਬਿਆਨ ਕਰ ਸਕਦੀਆਂ ਹਨ ਕਿ ਕਿਵੇਂ ਇਹ ਬਹੁਤ ਅਹਿਮ ਮੁੱਦਾ ਪੂਰੇ ਦੇਸ਼ ਨੂੰ ਪ੍ਰਭਾਵਤ ਕਰ ਰਿਹਾ ਹੈ। ਉਨ੍ਹਾ ਦੋਸ਼ ਲਾਇਆ ਕਿ ਵਿਸ਼ਵ ਪੱਧਰ ’ਤੇ ਦੇਸ਼ ਦਾ ਅਕਸ ਖਰਾਬ ਹੋਇਆ ਹੈ ਅਤੇ ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਦਾ ਸਮਰਥਨ ਕਰ ਰਹੇ ਹਨ।
ਇਸ ’ਤੇ ਧਨਖੜ ਨੇ ਆਦੇਸ਼ ਦਿੱਤਾ ਕਿ ਖੜਗੇ ਜੋ ਵੀ ਕਹਿ ਰਹੇ ਹਨ, ਉਹ ਰਿਕਾਰਡ ਨਾ ਕੀਤਾ ਜਾਵੇ। ਕਾਂਗਰਸ ਅਤੇ ਖੱਬੀਆਂ ਪਾਰਟੀਆਂ ਵੱਲੋਂ ਚਰਚਾ ਲਈ ਜ਼ੋਰ ਦਿੱਤੇ ਜਾਣ ਅਤੇ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਜਦੋਂ ਸਦਨ 11.45 ਵਜੇ ਦੁਬਾਰਾ ਜੁੜਿਆ ਤਾਂ ਚੇਅਰਮੈਨ ਨੇ ਕਿਹਾ ਕਿ ਉਹ ਸਦਨ ਦੇ ਮੈਂਬਰਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਸੂਚੀਬੱਧ ਕੰਮਕਾਜ ਨੂੰ ਜਾਰੀ ਰੱਖਣ ਦੇਣ ਦੀ ਅਪੀਲ ਕੀਤੀ, ਪਰ ਆਪੋਜ਼ੀਸ਼ਨ ਦੇ ਕੁਝ ਮੈਂਬਰਾਂ ਨੂੰ ਵੱਖ-ਵੱਖ ਮਾਮਲੇ ਉਠਾਉਂਦਿਆਂ ਸੁਣਿਆ ਗਿਆ। ਇਸ ਤੋਂ ਬਾਅਦ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ-ਭਰ ਲਈ ਮੁਲਤਵੀ ਕਰ ਦਿੱਤੀ।
ਨਿਯਮ 267 ਦੇ ਅਧੀਨ ਹੋਰ ਨੋਟਿਸਾਂ ’ਚ ਮਨੀਪੁਰ ’ਚ ਜਾਰੀ ਹਿੰਸਾ, ਯੂ ਪੀ ਦੇ ਸੰਭਲ ’ਚ ਹਿੰਸਕ ਝੜਪਾਂ ਅਤੇ ਹੜ੍ਹਾਂ ਲਈ ਵਿਸ਼ੇਸ਼ ਸਹਾਇਤਾ ਨਾਲ ਸੰਬੰਧਤ ਉਠਾਏ ਜਾਣ ਵਾਲੇ ਮੁੱਦਿਆਂ ’ਤੇ ਚਰਚਾ ਕਰਨ ਲਈ ਸਦਨ ਦੇ ਸੂਚੀਬੱਧ ਕੰਮਕਾਜ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਸੀ।




