ਏਟਾ (ਯੂ ਪੀ) : ਇੱਥੋਂ ਦੇ ਜਲਸਰ ਦੀ ਇਕ ਦਰਗਾਹ ਨੇੜੇ ਨਿੱਜ਼ੀ ਜ਼ਮੀਨ ਦੇ ਪਲਾਟ ’ਤੇ ਕੀਤੀ ਜਾ ਰਹੀ ਉਸਾਰੀ ਦਾ ਲੋਕਾਂ ਦੇ ਇੱਕ ਸਮੂਹ ਵੱਲੋਂ ਵਿਰੋਧ ਕਰਨ ਤੋਂ ਬਾਅਦ ਦੋ ਧਿਰਾਂ ਦਰਮਿਆਨ ਹਿੰਸਕ ਝੜਪ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਇਹ ਥਾਂ ਵਕਫ ਬੋਰਡ ਦੀ ਸੰਪਤੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਦੇਰ ਸ਼ਾਮ ਵਾਪਰੀ ਘਟਨਾ ’ਚ ਕਈ ਲੋਕ ਜ਼ਖਮੀ ਹੋ ਗਏ ਅਤੇ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ। ਪੁਲਸ ਨੇ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ 16 ਸ਼ੱਕੀਆਂ ਅਤੇ 150 ਦੇ ਕਰੀਬ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਅਨੁਸਾਰ ਇਹ ਝੜਪ ਉਦੋਂ ਹੋਈ, ਜਦੋਂ ਕਥਿਤ ਤੌਰ ’ਤੇ ਰਫੀਕ ਦੀ ਅਗਵਾਈ ਵਾਲੇ ਵਿਅਕਤੀਆਂ ਨੇ ਅਨਿਲ ਕੁਮਾਰ ਉਪਾਧਿਆਏ ਅਤੇ ਹੋਰਨਾਂ ਦੀ ਮਾਲਕੀ ਵਾਲੀ ਜ਼ਮੀਨ ਦੇ ਪਲਾਟ ’ਤੇ ਉਸਾਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕਿਹਾ ਕਿ ਇਸ ਜ਼ਮੀਨ ਨੂੰ ਵਕਫ ਬੋਰਡ ਦੀ ਜਾਇਦਾਦ ਦੱਸਿਆ ਜਾ ਰਿਹਾ ਹੈ ਤੇ ਇਕੱਠੇ ਹੋਏ ਲੋਕਾਂ ਨੇ ਚਾਰਦੀਵਾਰੀ ਨੂੰ ਢਾਹ ਦਿੱਤਾ ਅਤੇ ਇੱਕ ਦਰਜਨ ਤੋਂ ਵੱਧ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਪਥਰਾਅ ਕੀਤਾ। ਐੱਸ ਡੀ ਐੱਮ ਵਿਪਨ ਕੁਮਾਰ ਮੌਰਲ ਨੇ ਕਿਹਾ ਕਿ ਇਹ ਜ਼ਮੀਨ ਵਿਵਾਦਤ ਹੈ, ਜਿਸ ਦਾ ਸਰਵੇਖਣ ਨੰਬਰ 3181 ਤੋਂ 3192 ਹੈ ਅਤੇ ਇਹ ਨਿੱਜੀ ਜੱਦੀ ਜਾਇਦਾਦ ਹੈ, ਜਿਸ ਦੀ ਪੁਸ਼ਟੀ ਦਰਗਾਹ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ’ਚ ਮਾਲ ਰਿਕਾਰਡ ਅਤੇ ਪਹਿਲਾਂ ਦੀ ਹੱਦਬੰਦੀ ਵੱਲੋਂ ਕੀਤੀ ਗਈ ਹੈ। ਏਟਾ ਦੇ ਅੱੈਸ ਐੱਸ ਪੀ ਸ਼ਿਆਮ ਨਰਾਇਣ ਸਿੰਘ ਨੇ ਕਿਹਾ ਕਿ ਪੁਲਸ ਨੇ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਤੁਰੰਤ ਕਾਰਵਾਈ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਸੋਮਵਾਰ ਇਸ ਘਟਨਾ ਦੇ ਮਾਸਟਰਮਾਈਂਡ ਰਫੀਕ ਨੂੰ ਗਿ੍ਰਫਤਾਰ ਕਰ ਲਿਆ ਅਤੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾ ਕਿਹਾ ਕਿ ਦੋ ਮੁੱਖ ਮੁਲਜ਼ਮਾਂ ਦੀ ਪਛਾਣ ਫਰਮਾਨ ਉਰਫ ਬੰਟੀ ਅਤੇ ਰਫੀਕ ਪੁੱਤਰ ਅਬਦੁਲ ਲਤੀਫ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਕਾਨੂੰਨ ਅਤੇ ਵਿਵਸਥਾ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।


