ਸ਼ਾਹਕੋਟ (ਗਿਆਨ ਸੈਦਪੁਰੀ)-ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਕਿਸਾਨ ਅੰਦੋਲਨ ਦੀ ਚੌਥੀ ਵਰ੍ਹੇਗੰਢ ਦੇ ਸੰਬੰਧ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਜੋਸ਼ੋ-ਖਰੋਸ਼ ਨਾਲ ਹਿੱਸਾ ਲਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਭਾ ਦੇ ਸੂਬਾ ਪ੍ਰਧਾਨ ਪ੍ਰੀਤਮ ਸਿੰਘ ਨਿਆਮਤਪੁਰ ਅਤੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਦਿਨ ਉਲੀਕੇ ਗਏ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ 15 ਨਵੰਬਰ 2024 ਨੂੰ ਹਰਕਿਸ਼ਨ ਸਿੰਘ ਸੁਰਜੀਤ ਭਵਨ ਨਵੀਂ ਦਿੱਲੀ ਵਿੱਚ ਖੇਤ ਮਜ਼ਦੂਰ ਜਥੇਬੰਦੀਆਂ, ਕਿਸਾਨ ਐਸੋਸੀਏਸ਼ਨਾਂ ਅਤੇ ਸੰਯੁਕਤ ਮੋਰਚਾ ਦੀ ਹੋਈ ਸਾਂਝੀ ਮੀਟਿੰਗ ਵਿੱਚ ਲਿਆ ਗਿਆ ਸੀ। ਇਸ ਮੀਟਿੰਗ ਵਿੱਚ ਖੇਤੀਬਾੜੀ ਦੇ ਕਾਰਪੋਰੇਟੀਕਰਨ ਵਿਰੁੱਧ ਤੇ ਫ਼ਿਰਕੂ ਨੀਤੀਆਂ ਦੇ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਉਕਤ ਪ੍ਰੋਗਰਾਮ ਮਜ਼ਦੂਰਾਂ ਲਈ ਘੱਟੋ-ਘੱਟ ਉਜ਼ਰਤ ਨੂੰ ਯਕੀਨੀ ਬਣਾਉਣ ਅਤੇ ਫ਼ਸਲਾਂ ਦਾ ਘੱਟੋ ਸਮਰਥਨ ਮੁੱਲ ਅਤੇ ਸਭ ਲਈ ਰੁਜ਼ਗਾਰ ਅਤੇ ਸਮਾਜਕ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਕਦਮ ਹੈ। ਪੀ੍ਰਤਮ ਸਿੰਘ ਨਿਆਮਤਪੁਰ ਅਤੇ ਦੇਵੀ ਕੁਮਾਰੀ ਸਰਾਹਲੀ ਕਲਾਂ ਨੇ ਅੱਗੇ ਕਿਹਾ ਕਿ ਮਨਰੇਗਾ ਤਹਿਤ ਘੱਟੋ-ਘੱਟ !ੳਜ਼ਰਤ, 200 ਦਿਨ ਕੰਮ ਅਤੇ 500 ਰੁਪਏ ਦਿਹਾੜੀ ਵਰਗੀਆ ਹੋਰ ਮੰਗਾਂ 26 ਨਵੰਬਰ ਦੇ ਅੰਦੋਲਨ ਵਿੱਚ ਸ਼ਾਮਲ ਹਨ। ਜ਼ਿਲ੍ਹਾ ਪੱਧਰ ’ਤੇ ਉਲੀਕੇ ਗਏ ਪ੍ਰਦਰਸ਼ਨਾਂ ਦੀ ਸਫ਼ਲਤਾ ਲਈ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂਆਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ 26 ਨਵੰਬਰ ਦਾ ਪ੍ਰੋਗਰਾਮ ਖੇਤੀਬਾੜੀ ਦਾ ਕਾਰਪੋਰੇਟੀਕਰਨ ਅਤੇ ਕਿਰਤੀ ਲੋਕਾਂ ਦੇ ਹੱਕਾਂ ਦੇ ਮੱਦੇਨਜ਼ਰ ਕਿਸਾਨਾਂ ਅਤੇ ਮਜ਼ਦੂਰ ਦੀ ਏਕਤਾ ਨੂੰ ਵੀ ਬਲ ਬਖਸ਼ੇਗਾ।ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਨਾਨਕ ਚੰਦਲੰਬੀ, ਨਿਰੰਜਣ ਦਾਸ ਮੇਹਲੀ, ਨਿਰੰਜਣ ਸਿੰਘ ਚੋਨਾਗਰਾ ਆਦਿ ਵੀ ਹਾਜ਼ਰ ਸਨ।





