ਇਜ਼ਰਾਈਲ ਦੀ ਮਾਰ ਤੋਂ ਬਾਅਦ ਕੁਦਰਤ ਦੀ ਮਾਰ ਦਾ ਖਤਰਾ

0
131

ਜਨੇਵਾ : ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਡਾ. ਮਾਰਗਰੇਟ ਹੈਰਿਸ ਨੇ ਜਨੇਵਾ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਬਾਰਿਸ਼ਾਂ ’ਚ ਗਾਜ਼ਾ ’ਚ ਲੋਕਾਂ ਦਾ ਦਰਦ ਹੋਰ ਵਧੇਗਾ। ਇਹ ਸਥਿਤੀ ਉਦੋਂ ਬਣ ਰਹੀ ਹੈ, ਜਦ ਸੀਵਰੇਜ ’ਚ ਰੁਕਾਵਟ ਅਤੇ ਪਾਣੀ ਦੀ ਕਿੱਲਤ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਜੀਵਾਣੂ ਸੰਬੰਧੀ ਸੰਕਰਮਣ ’ਚ ਵਾਧਾ ਦਰਜ ਕੀਤਾ ਗਿਆ ਹੈ। ਮੱਧ ਅਕਤੂਬਰ ਤੋਂ ਬਾਅਦ ਹੁਣ ਤੱਕ ਦਸਤ ਦੇ ਸਾਢੇ 33 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਇਜ਼ਰਾਈਲੀ ਹਮਲਿਆਂ ਕਾਰਨ ਬੇਘਰ ਹੋਏ 5 ਲੱਖ 80 ਹਜ਼ਾਰ ਫਲਸਤੀਨੀ ਸ਼ੈਲਟਰਾਂ ਦੀ ਭਾਲ ’ਚ ਹਨ। ਪਹਿਲਾਂ ਤੋਂ ਮੌਜੂਦ ਸ਼ੈਲਟਰਾਂ ’ਚ ਸਮਰਥਾ ਤੋਂ ਨੌਂ ਗੁਣਾ ਵੱਧ ਲੋਕਾਂ ਨੇ ਪਨਾਹ ਲਈ ਹੋਈ ਹੈ ਅਤੇ ਭੀੜ-ਭਾੜ ਹੋਣ ਕਾਰਨ ਸਿਹਤ ਸਹੂਲਤਾਂ ਪਹੁੰਚਣੀਆਂ ਵੀ ਮੁਸ਼ਕਲ ਹੋ ਗਈਆਂ ਹਨ। ਡਾਕਟਰ ਹੈਰਿਸ ਨੇ ਫੌਰੀ ਜੰਗਬੰਦੀ ਲਾਗੂ ਕਰਨ ਦੀ ਅਪੀਲ ਕੀਤੀ ਹੈ। ਡਾ. ਹੈਰਿਸ ਨੇ ਗਾਜ਼ਾ ਸਿਟੀ ’ਚ ਸਥਿਤ ਅਲ ਸ਼ਿਫਾ ਹਸਪਤਾਲ ’ਚ ਗੰਭੀਰ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਸਪਤਾਲ ਨੂੰ ਇਜ਼ਰਾਈਲੀ ਫੌਜ ਨੇ ਹਮਲਿਆਂ ਦਾ ਕੇਂਦਰ ਬਣਾ ਰੱਖਿਆ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਇੱਥੇ ਹਮਾਸ ਨੇ ਕਮਾਂਡ ਸੈਂਟਰ ਸਥਾਪਤ ਕੀਤਾ ਹੋਇਆ, ਪਰ ਮੈਡੀਕਲ ਸਟਾਫ ਨੇ ਇਸ ਦੋਸ਼ ਨੂੰ ਨਕਾਰਿਆ ਹੈ। ਡਾ. ਹੈਰਿਸ ਨੇ ਦੱਸਿਆ ਕਿ 11 ਨਵੰਬਰ ਤੋਂ ਬਾਅਦ ਹਸਪਤਾਲ ’ਚ ਬਿਜਲੀ ਨਹੀਂ ਹੈ ਅਤੇ ਨਾ ਹੀ ਖਾਣ ਲਈ ਲੋੜੀਂਦਾ ਭੋਜਨ ਤੇ ਪੀਣ ਵਾਲਾ ਪਾਣੀ ਹੈ। ਇਸ ਦੇ ਬਾਵਜੂਦ ਹਸਪਤਾਲ ’ਚ ਡਾਕਟਰ ਸਿਹਤ ਸਹੂਲਤਾਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਕਿਹਾ ਕਿ ਹਸਪਤਾਲ ’ਚ ਹੁਣ ਵੀ 700 ਮਰੀਜ਼ ਅਤੇ 400 ਤੋਂ ਵੱਧ ਸਿਹਤਕਰਮੀ ਮੌਜੂਦ ਹਨ। ਇਸ ਤੋਂ ਇਲਾਵਾ ਤਿੰਨ ਹਜ਼ਾਰ ਤੋਂ ਵੱਧ ਬੇਘਰ ਹੋਏ ਲੋਕਾਂ ਨੇ ਇੱਥੇ ਪਨਾਹ ਲਈ ਹੋਈ ਹੈ। ਡਾ. ਹੈਰਿਸ ਨੂੰ ਮਰੀਜ਼ਾਂ ਨੂੰ ਹਸਪਤਾਲ ਤੋਂ ਕੱਢ ਕੇ ਸੁਰੱਖਿਅਤ ਸਥਾਨ ’ਤੇ ਲੈ ਜਾਣ ਦੀ ਸੰਭਾਵਨਾ ਬਾਰੇ ਜਦ ਸਵਾਲ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਅਲ ਸ਼ਿਫਾ ’ਚ ਭਰਤੀ ਮਰੀਜ਼ਾਂ ਨੂੰ ਬਹੁਤ ਜ਼ਰੂਰੀ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ। ਜੇ ਹਾਲਾਤ ਅਨੁਕੂਲ ਹੋਣ ਤਾਂ ਵੀ ਉਨ੍ਹਾਂ ਨੂੰ ਉਥੋਂ ਲੈ ਜਾਣਾ ਬੇਹੱਦ ਮੁਸ਼ਕਲ ਹੋਵੇਗਾ ਅਤੇ ਬੰਬਾਰੀ, ਗੋਲੀਬਾਰੀ ਤੇ ਐਂਬੂਲੈਸ ਲਈ ਤੇਲ ਦੀ ਘਾਟ ’ਚ ਇਹ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਡਾ. ਹੈਰਿਸ ਨੇ ਜ਼ੋਰ ਦੇ ਕੇ ਕਿਹਾ ਕਿ ਫਿਲਹਾਲ ਸਹੀ ਰਸਤਾ ਤਾਂ ਇਹ ਹੈ ਕਿ ਟਕਰਾਅ ਨੂੰ ਰੋਕਿਆ ਜਾਵੇ ਅਤੇ ਜ਼ਿੰਦਗੀਆਂ ਲੈਣ ਦੀ ਬਜਾਏ, ਉਨ੍ਹਾਂ ਦੀ ਰੱਖਿਆ ਕਰਨ ’ਤੇ ਜ਼ੋਰ ਦਿੱਤਾ ਜਾਵੇ। ਪਿਛਲੇ ਇੱਕ ਮਹੀਨੇ ਦੌਰਾਨ ਗਾਜ਼ਾ ’ਚ ਹਸਪਤਾਲਾਂ ’ਤੇ 135 ਹਮਲੇ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਹਸਪਤਾਲਾਂ ’ਤੇ ਹਮਲਿਆਂ ਦਾ ਰੁਝਾਨ ਵਧ ਰਿਹਾ ਹੈ, ਜਿਸ ਤਰ੍ਹਾਂ ਹਾਲ ਦੇ ਦਿਨਾਂ ’ਚ ਲਿਬਨਾਨ ਅਤੇ ਯੂਕਰੇਨ ’ਚ ਜਾਰੀ ਲੜਾਈ ਦੌਰਾਨ ਦੇਖਣ ਨੂੰ ਮਿਲਿਆ ਹੈ। ਉਨ੍ਹਾ ਕਿਹਾ ਕਿ ਇਹ ਸਮਝ ਤੋਂ ਪਰੇ੍ਹ ਹੈ, ਜਦੋਂ ਕਿ ਹਸਪਤਾਲ ਸੁਰੱਖਿਅਤ ਸਥਾਨ ਹੈ, ਜਿੱਥੇ ਲੋਕ ਜ਼ਰੂਰਤ ਹੋਣ ’ਤੇ ਇਲਾਜ ਲਈ ਜਾ ਸਕਦੇ ਹਨ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਨੂੰ ਹੁਣ ਭੁਲਾ ਦਿੱਤਾ ਗਿਆ ਹੈ।