ਮੋਗਾ : ਗਦਰੀ ਬਾਬਾ ਬਚਨ ਸਿੰਘ ਘੋਲੀਆਂ ਦੀ 41ਵੀਂ ਬਰਸੀ ਭਾਰਤੀ ਕਮਿਊਨਿਸਟ ਪਾਰਟੀ, ਪਰਵਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਹਨਾ ਦੇ ਜੱਦੀ ਪਿੰਡ ਘੋਲੀਆਂ ਵਿਖੇ ਮਨਾਈ ਗਈ। ਹਰ ਸਾਲ ਬਾਬਾ ਜੀ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਕਿ ਗ਼ਦਰੀਆਂ ਦੀ ਵਿਰਾਸਤ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧ ਸਕੇ। ਭਾਰਤੀ ਕਮਿਊਨਿਸਟ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਆਏ ਹੋਏ ਆਗੂਆਂ ਤੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਅਤੇ ਸੰਘਰਸ਼ ਨੂੰ ਪ੍ਰਚੰਡ ਕਰਨ ਵਿੱਚ ਗਦਰੀ ਬਾਬਿਆਂ ਦਾ ਨਾਂਅ ਸਭ ਤੋਂ ਉਪਰ ਆਉਦਾ ਹੈ। ਗ਼ਦਰੀ ਬਾਬਾ ਬਚਨ ਸਿੰਘ ਘੋਲੀਆਂ, ਜੋ ਰੂਸ ਵਿੱਚੋਂ ਪੜ੍ਹ ਕੇ ਆਏ ਤੇ ਫਿਰ ਇੱਥੇ ਆ ਕੇ ਮਾਰਕਸਵਾਦੀ ਸਕੂਲ ਵੀ ਲਗਾਏ ਤੇ ਆਪਣੇ ਕੋਲ ਜੋ ਗਿਆਨ ਦਾ ਬਸਤਾ ਸੀ, ਉਹਦਾ ਚਾਨਣ ਬਾਕੀਆਂ ਨੂੰ ਵੀ ਦਿੱਤਾ। ਗਦਰੀ ਬਾਬਿਆਂ ਨੇ ਮਜ਼ਹਬਾਂ, ਜਾਤਾਂ ਤੇ ਇਲਾਕਿਆਂ ਆਦਿ ਵੰਡਾਂ ਤੋਂ ਉਪਰ ਉਠ ਕੇ ਜਮਾਤੀ ਏਕਾ ਮਜ਼ਬੂਤ ਕਰਨ ਦਾ ਹੋਕਾ ਦਿੱਤਾ। ਅੱਜ ਦਾ ਪ੍ਰਬੰਧ ਸਾਨੂੰ ਫਿਰਕਿਆਂ ਤੇ ਜਾਤਾਂ ਵਿੱਚ ਵੰਡ ਕੇ ਸਿਆਸੀ ਸੱਤਾ ’ਤੇ ਕਬਜ਼ਾ ਬਰਕਰਾਰ ਰੱਖ ਰਿਹਾ ਹੈ। ਇਸ ਸਮੇਂ ਲੋੜ ਹੈ ਕਿ ਅਸੀਂ ਵੀ ਉਹਨਾਂ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਅੱਗੇ ਵਧੀਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਨੇ ਕੀਤਾ। ਉਹਨਾ ਕਿਹਾ ਕਿ ਜਦੋਂ ਤਕਨੀਕ ਅੱਜ ਆਰਟੀਫਿਸ਼ਲ ਇੰਟੈਲੀਜੈਂਸ ਤੱਕ ਪਹੁੰਚ ਗਈ ਹੈ, ਹਰੇਕ ਅਦਾਰੇ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ। ਅੱਜ ਦੇਸ਼ ਵਿੱਚ 40 ਕਰੋੜ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ, ਜੋ ਜਿਉਦੇ ਰਹਿਣ ਲਈ ਦੂਜਿਆਂ ’ਤੇ ਨਿਰਭਰ ਹਨ। ਹਰ ਹੱਥ ਨੂੰ ਕੰਮ ਦੇਣ ਲਈ ਜ਼ਰੂਰਤ ਹੈ ਕਿ ਭਗਤ ਸਿੰਘ ਦੇ ਨਾਂਅ ’ਤੇ ਕੌਮੀ ਪੱਧਰ ਦਾ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਪਾਸ ਕੀਤਾ ਜਾਵੇ। ਅੱਜ ਦੀ ਨੌਜਵਾਨੀ ਕੁਰਾਹੇ ਪੈਣ ਤੋਂ ਬਚਾਉਣ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਲੋੜਾਂ ਦੀ ਲੋੜ ਹੈ।
ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਪੰਜਾਬ ਦੇ ਸਕੱਤਰ ਜਗਸੀਰ ਖੋਸਾ ਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਨਰੇਗਾ ਦਾ ਕਾਨੁੂੰਨ ਪਾਰਦਰਸ਼ੀ ਢੰਗ ਨਾਲ ਲਾਗੂ ਕਰਕੇ 200 ਦਿਨ ਕੰਮ ਦੇਣਾ ਚਾਹੀਦਾ ਹੈ। ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਅੱਜ ਦੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਮਾਹੌਲ ਦੇ ਪ੍ਰਬੰਧਾਂ ਨੂੰ ਸੁਧਾਰਨ ਲਈ ਸਾਨੂੰ ਇਕ ਪਲੇਟਫਾਰਮ ’ਤੇ ਇਕੱਠੇ ਹੋਣ ਦੀ ਜ਼ਰੂਰਤ ਹੈ। ਅਵਤਾਰ ਚੜਿੱਕ ਤੇ ਜੱਸ ਨੇ ਸਿਆਸੀ ਭੰਡ ਅਤੇ ਸਕੂਲ ਦੇ ਬੱਚਿਆਂ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੇ।
ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਗੁਰਦਿੱਤ ਦੀਨਾ, ਜਸਪ੍ਰੀਤ ਬੱਧਨੀ, ਡਾਕਟਰ ਇੰਦਰਵੀਰ ਸਿੰਘ ਗਿੱਲ, ਪੋਹਲਾ ਸਿੰਘ, ਕੇਵਲ ਰਾਉਕੇ, ਸਤਵੰਤ ਸਿੰਘ ਖੋਟੇ, ਸਿਕੰਦਰ ਸਿੰਘ ਮਧੇਕੇ ਆਦਿ ਆਗੂ ਤੇ ਵੱਡੀ ਗਿਣਤੀ ’ਚ ਲੋਕ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਕਾਰਵਾਈ ਗੁਰਮੀਤ ਵਾਂਦਰ ਬਲਾਕ ਸਕੱਤਰ ਬਾਘਾ ਪੁਰਾਣਾ ਨੇ ਨਿਭਾਈ।