ਪਾਕਿਸਤਾਨ ’ਚ ਗ਼ਦਰ, ਫੌਜ ਨੂੰ ਫ੍ਰੀ ਹੈਂਡ

0
106

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹੋਂ ਬਾਹਰ ਕਢਾਉਣ ਲਈ ਮੰਗਲਵਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਕਾਫਲੇ ਦੇ 26 ਨੰਬਰ ਚੌਕ ਤੋਂ ਡੀ-ਚੌਕ ਪੁੱੱਜਦਿਆਂ ਹੀ ਪੁਲਸ ਨੇ ਹੰਝੂ ਗੈਸ ਦੀ ਜ਼ਬਰਦਸਤ ਸ਼ੈਲਿੰਗ ਕਰ ਦਿੱਤੀ। ਇੱਥੋਂ ਅੱਗੇ ਫੌਜ ਨੇ ਪੁਜ਼ੀਸ਼ਨਾਂ ਲਈਆਂ ਹੋਈਆਂ ਸਨ। ਫੌਜ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੀ ਖੁੱਲ੍ਹ ਦਿੱਤੀ ਹੋਈ ਹੈ।
ਪ੍ਰੋਟੈੱਸਟ ਦੀ ਅਗਵਾਈ ਕਰ ਰਹੀ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਵਰਕਰਾਂ ਨੂੰ ਕਿਹਾ ਕਿ ਪ੍ਰੋਟੈੱਸਟ ਡੀ-ਚੌਕ ਵਿੱਚ ਹੀ ਹੋਵੇਗਾ ਅਤੇ ਜਦੋਂ ਤੱਕ ਇਮਰਾਨ ਜੇਲ੍ਹ ਵਿੱਚੋਂ ਬਾਹਰ ਆ ਕੇ ਖਿਤਾਬ ਨਹੀਂ ਕਰਦੇ ਅਤੇ ਅਗਲਾ ਪ੍ਰੋਗਰਾਮ ਨਹੀਂ ਦਿੰਦੇ, ਉਹ ਡਟੇ ਰਹਿਣ। ਜੇ ਇਮਰਾਨ ਜੇਲ੍ਹ ਦੇ ਅੰਦਰੋਂ ਬੋਲਦੇ ਹਨ ਤਾਂ ਸੁਣਿਓ ਨਾ। ਬਾਹਰ ਆਉਣ ਦੀ ਉਡੀਕ ਕਰਿਓ। ਆਪਾਂ ਰੈੱਡ ਜ਼ੋਨ ਵਿੱਚ ਨਹੀਂ ਜਾਣਾ, ਸਭ ਨੇ ਪੁਰਅਮਨ ਰਹਿਣਾ ਹੈ।
ਡੀ-ਚੌਕ ਵਿਚ ਹੀ ਅਕਸਰ ਸਿਆਸੀ ਰੈਲੀਆਂ ਹੁੰਦੀਆਂ ਹਨ। ਉਸ ਤੋਂ ਅੱਗੇ ਸੰਸਦ, ਸੁਪਰੀਮ ਕੋਰਟ, ਪਾਕਿਸਤਾਨ ਸੈਕਟਰੀਏਟ ਤੇ ਪ੍ਰਧਾਨ ਮੰਤਰੀ ਦੇ ਦਫਤਰ ਹਨ। ਸਰਕਾਰ ਨੇ ਕਿਹਾ ਕਿ ਪ੍ਰੋਟੈੱਸਟਰਾਂ ਦੇ ਹਮਲੇ ਵਿਚ ਚਾਰ ਪੁਲਸ ਵਾਲੇ ਮਾਰੇ ਗਏ ਹਨ, ਜਦਕਿ ਪ੍ਰੋਟੈੱਸਟਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਰੇਂਜਰਜ਼ ਦੀ ਫਾਇਰਿੰਗ ਨਾਲ ਦੋ ਪ੍ਰੋਟੈੱਸਟਰ ਮਾਰੇ ਗਏ ਹਨ।