ਜਲੰਧਰ/ਲੁਧਿਆਣਾ (ਕੇਸਰ/ਐੱਮ ਐੱਸ ਭਾਟੀਆ)
ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਮੰਗਲਵਾਰ ਸਾਂਝੇ ਤੌਰ ’ਤੇ ਕਾਰਪੋਰੇਟ ਵਿਰੋਧੀ ਦਿਨ ਵਜੋਂ ਦੇਸ਼ ਵਿਆਪੀ ਸੱਦੇ ਤਹਿਤ ਪੰਜਾਬ ’ਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਵਿਸ਼ਾਲ ਧਰਨੇ ਦਿੱਤੇ ਗਏ। ਇਨ੍ਹਾਂ ਧਰਨਿਆਂ ਵਿੱਚ ਸਰਕਾਰਾਂ ਨੂੰ ਕਾਰਪੋਰੇਟ ਪੱਖੀ ਨੀਤੀਆਂ ਨੂੰ ਤਿਲਾਂਜਲੀ ਦੇਣ ਅਤੇ ਕਿਸਾਨਾਂ, ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਧਰਨਿਆਂ ਦੌਰਾਨ ਪੰਜਾਬ ਪੁਲਸ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਵਿਰੁੱਧ ਨਿਖੇਧੀ ਮਤਾ ਪਾਸ ਕਰਦਿਆਂ ਚਿਤਾਵਨੀ ਦਿੱਤੀ ਗਈ ਕਿ ਕਿਸਾਨਾਂ ਉੱਤੇ ਕਿਸੇ ਵੀ ਕਿਸਮ ਦੀ ਜਾਬਰ ਕਾਰਵਾਈ ਵਿਰੁੱਧ ਸਖਤ ਕਦਮ ਪੁੱਟਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਵਰਣਨਯੋਗ ਹੈ ਕਿ ਇਤਿਹਾਸਿਕ ਕਿਸਾਨ ਅੰਦੋਲਨ, ਜਿਸ ਨੇ 750 ਕਿਸਾਨਾਂ ਦੀ ਸ਼ਹਾਦਤ ਅਤੇ ਬੇਤਹਾਸ਼ਾ ਸਰਕਾਰੀ ਦਮਨ ਝਲਦੇ ਹੋਏ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ, ਪ੍ਰੰਤੂ ਮੋਦੀ ਸਰਕਾਰ ਉਸ ਸਮੇਂ ਬਾਕੀ ਮੰਗਾਂ ਬਾਰੇ ਲਿਖਤੀ ਵਾਅਦਾ ਕਰਕੇ ਵੀ ਮੁੱਕਰ ਗਈ, ਇਨ੍ਹਾਂ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਅੰਦੋਲਨ ਦੀ ਚੌਥੀ ਵਰੇ੍ਹਗੰਢ ’ਤੇ 26 ਨਵੰਬਰ ਨੂੰ ਇਹ ਧਰਨੇ ਦਿੱਤੇ ਗਏ।
ਧਰਨਿਆਂ ਵਿੱਚ ਪ੍ਰਮੁੱਖ ਮੰਗਾਂ, ਜਿਵੇਂ ਸਾਰੀਆਂ ਫਸਲਾਂ ’ਤੇ ਐੱਮ ਐੱਸ ਪੀ ਉਪਰ ਖਰੀਦ ਦੀ ਕਾਨੂੰਨੀ ਗਰੰਟੀ ਦੇਣਾ, ਕਿਸਾਨਾਂ, ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਕਿਸਾਨਾਂ, ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਹੋਣ ’ਤੇ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣਾ, ਬਿਜਲੀ ਸੋਧ ਬਿੱਲ 2022 ਦੀ ਵਾਪਸੀ, ਭੂਮੀ ਅਧਿਗ੍ਰਹਿਣ ਕਾਨੂੰਨ 2013 ਦੀ ਉਲੰਘਣਾ ਬੰਦ ਕਰਨਾ, ਸਰਕਾਰੀ ਖਰਚੇ ’ਤੇ ਫਸਲੀ ਬੀਮਾ ਯੋਜਨਾ ਲਾਗੂ ਕਰਨਾ, ਖਾਦਾਂ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਅਨਾਜ ਉਪਰ ਮਿਲ ਰਹੀ ਸਬਸਿਡੀ ਘਟਾਉਣ ਦਾ ਫੈਸਲਾ ਵਾਪਸ ਲੈਣਾ, ਬਾਸਮਤੀ ਨੂੰ ਐੱਮ ਐੱਸ ਪੀ ਗਰੰਟੀ ਕਾਨੂੰਨ ਦੇ ਅਧੀਨ ਲੈਣਾ, ਚਾਰੇ ਲੇਬਰ ਕੋਡ ਰੱਦ ਕੀਤੇ ਜਾਣ, ਘੱਟੋ-ਘੱਟ ਉਜਰਤ 26000 ਰੁਪਏ ਕਰਨ, ਪਬਲਿਕ ਸੈਕਟਰ ਦੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਨ, ਠੇਕਾ ਆਧਾਰਤ ਕਰਮਚਾਰੀ ਦਾ ਵੇਤਨਮਾਨ 26 ਹਜ਼ਾਰ ਰੁਪਏ ਕਰਨ, ਮਨਰੇਗਾ ਸਕੀਮ ਅਧੀਨ ਕੰਮ ਦੇ 200 ਦਿਨ ਦੀ ਗਾਰੰਟੀ ਅਤੇ 600 ਰੁਪਏ ਦਿਹਾੜੀ ਦੇਣ, ਬੰਦ ਕੀਤੀਆਂ ਖੰਡ ਮਿੱਲਾਂ ਚਾਲੂ ਕੀਤੀਆਂ ਜਾਣ ਆਦਿ ਮੰਗਾਂ ’ਤੇ ਅਧਾਰਤ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਗਏ।
ਧਰਨਿਆਂ ਦੌਰਾਨ ਮੰਡੀਆਂ ਵਿੱਚ ਝੋਨੇ ਦੀ ਖਰੀਦ ਮੌਕੇ ਕੱਚੀ ਪਰਚੀ ਅਤੇ ਕਾਟ ਲਗਾ ਕੇ ਕਿਸਾਨਾਂ ਦੀ ਕੀਤੀ ਲੁੱਟ ਦੇ ਮਾਮਲੇ ’ਤੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਹੋਈ ਲੁੱਟ ਦੀ ਭਰਪਾਈ ਕਰੇ। ਧਰਨਿਆਂ ਦੌਰਾਨ ਝੋਨੇ ਦੀ ਨਮੀ ਦੇ ਪੱਧਰ ਨੂੰ 17 ਫੀਸਦੀ ਦੀ ਥਾਂ 22 ਫੀਸਦੀ ਕਰਨ ਦੀ ਮੰਗ ਵੀ ਕੀਤੀ ਗਈ।
ਬੁਲਾਰਿਆਂ ਕਿਹਾ ਕਿ ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਵਿਸ਼ਾਲ ਪੈਮਾਨੇ ’ਤੇ ਲਗਾਤਾਰ ਅਤੇ ਇਕਜੁੱਟ ਸੰਘਰਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਘੇਰੇ ਨੂੰ ਹੋਰ ਮੋਕਲਾ ਕਰਨ ਦੀ ਲੋੜ ਹੈ, ਤਾਂ ਜੋ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਇੱਕ ਵਿਸ਼ਾਲ ਜਨਤਕ ਲਹਿਰ ਖੜੀ ਕੀਤੀ ਜਾ ਸਕੇ।ਧਰਨਿਆਂ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਜਿਹਨਾਂ ਆਗੂਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਡਾ ਦਰਸ਼ਨਪਾਲ, ਨਿਰਮਲ ਸਿੰਘ ਧਾਲੀਵਾਲ (ਏਟਕ), ਰਾਮਿੰਦਰ ਸਿੰਘ ਪਟਿਆਲਾ, ਚੰਦਰ ਸ਼ੇਖਰ (ਸੀਟੂ), ਬਲਦੇਵ ਸਿੰਘ ਨਿਹਾਲਗੜ੍ਹ, ਹਰਮੀਤ ਸਿੰਘ ਕਾਦੀਆਂ, ਕੁਲਵਿੰਦਰ ਸਿੰਘ ਵੜੈਚ (ਇਫਟੂ), ਬੂਟਾ ਸਿੰਘ ਬੁਰਜਗਿੱਲ, ਮਨਜੀਤ ਸਿੰਘ ਧਨੇਰ, ਡਾ. ਸਤਨਾਮ ਸਿੰਘ ਅਜਨਾਲਾ, ਦੇਵ ਰਾਜ (ਸੀ ਟੀ ਯੂ), ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਸਿੰਘ ਰਾਣਾ (ਏ ਆਈ ਸੀ ਸੀ ਟੀ ਯੂ), ਪ੍ਰੇਮ ਸਿੰਘ ਭੰਗੂ, ਸੁਰਿੰਦਰ ਸ਼ਰਮਾ (ਇੰਟਕ), ਬਲਜੀਤ ਸਿੰਘ ਗਰੇਵਾਲ, ਸੁਰਿੰਦਰ ਸਿੰਘ, ਬੂਟਾ ਸਿੰਘ ਸ਼ਾਦੀਪੁਰ, ਬਿੰਦਰ ਸਿੰਘ ਗੋਲੇਵਾਲਾ, ਬੋਘ ਸਿੰਘ ਮਾਨਸਾ, ਜੰਗਵੀਰ ਸਿੰਘ ਚੌਹਾਨ, ਫੁਰਮਾਨ ਸਿੰਘ ਸੰਧੂ, ਹਰਜਿੰਦਰ ਸਿੰਘ ਟਾਂਡਾ, ਸੁੱਖ ਗਿੱਲ, ਕੰਵਲਪ੍ਰੀਤ ਸਿੰਘ ਪਨੂੰ, ਸੁਖਦੇਵ ਸਿੰਘ ਅਰਾਈਆਂਵਾਲਾ, ਹਰਵਿੰਦਰ ਸਿੰਘ, ਵੀਰ ਸਿੰਘ ਬੜਵਾ, ਹਰਦੇਵ ਸਿੰਘ ਸੰਧੂ, ਹਰਬੰਸ ਸਿੰਘ ਸੰਘਾ ਅਤੇ ਹਰਜੀਤ ਸਿੰਘ ਰਵੀ ਆਦਿ ਸ਼ਾਮਲ ਹਨ। ਲੁਧਿਆਣਾ ’ਚ ਜੁੜੇ ਮਿਹਨਤਕਸ਼ਾਂ ਤੇ ਕਿਸਾਨਾਂ ਦੇ ਇਕੱਠ ’ਚ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਬਾਰਡਰ ’ਤੇ ਹਰ ਤਰ੍ਹਾਂ ਦੇ ਅੱਤਿਆਚਾਰ, ਜ਼ੁਲਮ ਅਤੇ ਬਦਸਲੂਕੀ ਵਿਰੁੱਧ ਕਿਸਾਨਾਂ ਅਤੇ ਮਜ਼ਦੂਰਾਂ ਦਾ ਪ੍ਰਦਰਸ਼ਨ 13 ਮਹੀਨਿਆਂ ਤੱਕ ਜਾਰੀ ਰਿਹਾ।ਇਸ ਬਹਾਦਰੀ ਦੀ ਲੜਾਈ ਵਿੱਚ 736 ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਇਸ ਨੂੰ ਨਾ ਸਿਰਫ਼ ਸਰਹੱਦਾਂ ’ਤੇ ਸਗੋਂ ਪੂਰੇ ਭਾਰਤ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਦੇ ਪਲੇਟਫਾਰਮ ਦੁਆਰਾ ਸਮਰਥਨ ਦਿੱਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਐੱਮ ਐੱਸ ਭਾਟੀਆ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਲੋਟੇ, ਸਤਨਾਮ ਵੜੈਚ, ਬਲਰਾਜ ਸਿੰਘ ਕੋਟ ਉਮਰ, ਜਸਵਿੰਦਰ ਲਾਡੀ, ਜਸਵੀਰ ਸਿੰਘ ਝੱਜ, ਤਰਲੋਚਨ ਸਿੰਘ ਝੋਰੜਾਂ, ਅਮਨਦੀਪ ਸਿੰਘ ਲਲਤੋਂ, ਬਲਵਿੰਦਰ ਸਿੰਘ ਭੈਣੀ, ਕਰਮਜੀਤ ਸਿੰਘ ਅਤੇ ਰਣਵੀਰ ਸਿੰਘ ਸ਼ਾਮਲ ਸਨ। ਧਰਨੇ ਵਿੱਚ ਆਲ ਇੰਡੀਆ ਕਿਸਾਨ ਸਭਾ 1936, ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਜਮਹੂਰੀ ਕਿਸਾਨ ਸਭਾ ਪੰਜਾਬ, ਸੀ ਟੀ ਯੂ ਪੰਜਾਬ, ਆਲ ਇੰਡੀਆ ਕਿਸਾਨ ਸਭਾ ਹਨਨਮੁੱਲਾ, ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਬੀ ਕੇ ਯੂ ਡਕੌਂਦਾ ਧਨੇਰ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਫੈਡਰੇਸ਼ਨ ਆਦਿ ਜਥੇਬੰਦੀਆਂ ਸ਼ਾਮਲ ਸਨ। ਬੁਲਾਰਿਆਂ ਵਿੱਚ ਸਾਧੂ ਸਿੰਘ, ਬੂਟਾ ਸਿੰਘ, ਰੂਪ ਬਸੰਤ ਸਿੰਘ, ਜਤਿੰਦਰ ਪਾਲ ਸਿੰਘ, ਜਗਤਾਰ ਸਿੰਘ ਦੇਹੜਕਾ, ਬਲਰਾਜ ਸਿੰਘ ਕੋਟ ਉਮਰਾ, ਡਾ. ਰਜਿੰਦਰ ਪਾਲ ਸਿੰਘ ਔਲਖ, ਭਿੰਦਰ ਕੌਰ, ਹਰਪਾਲ ਸਿੰਘ ਭੈਣੀ, ਡੀ ਪੀ ਮੌੜ, ਜਗਦੀਸ਼ ਚੰਦ, ਐਡਵੋਕੇਟ ਕੁਲਦੀਪ ਸਿੰਘ, ਰਘਬੀਰ ਸਿੰਘ ਬੈਨੀਪਾਲ, ਹਰਪਾਲ ਸਿੰਘ ਭੈਣੀ ਸ਼ਾਮਲ ਸਨ। ਪ ਸ ਸ ਫ ਵੱਲੋਂ ਪੰਜਾਬ ਦੇ ਚੇਅਰਮੈਨ ਗੁਰਮੇਲ ਮੈਲਡੇ, ਲੁਧਿਆਣਾ ਦੇ ਜਨਰਲ ਸਕੱਤਰ ਸੁਰਿੰਦਰ ਬੈਂਸ, ਏਟਕ ਲੁਧਿਆਣਾ ਦੇ ਪ੍ਰਧਾਨ ਵਿਜੇ ਕੁਮਾਰ ਅਤੇ ਸਲਾਹਕਾਰ ਰਮੇਸ਼ ਰਤਨ, ਪੀ ਏ ਯੂ ਰਿਟਾਇਰੀਜ਼ ਵੱਲੋਂ ਦਾਨ ਸਿੰਘ, ਸਤਨਾਮ ਸਿੰਘ, ਜੋਗਿੰਦਰ ਰਾਮ, ਇਕਬਾਲ ਸਿੰਘ, ਡਾਕਟਰ ਗੁਰਪ੍ਰੀਤ ਰਤਨ, ਅਨਿਲ ਕੁਮਾਰ, ਕਾਮਰੇਡ ਕੇਵਲ ਸਿੰਘ ਬਣਵੈਤ, ਰਸ਼ਪਾਲ ਸਿੰਘ, ਐੱਸ ਪੀ ਸਿੰਘ, ਡਾਕਟਰ ਵਿਨੋਦ ਕੁਮਾਰ, ਜੰਗ ਸਿੰਘ ਸਿਰਥਲਾ, ਮਨਜੀਤ ਸਿੰਘ ਗਿੱਲ, ਮਲਕੀਤ ਮਾਲੜਾ, ਰਾਮ ਚੰਦ ਨੇ ਧਰਨੇ ਵਿੱਚ ਹਿੱਸਾ ਲਿਆ।ਸਟੇਜ ਦਾ ਸੰਚਾਲਨ ਸਾਥੀ ਚਮਕੌਰ ਸਿੰਘ, ਬਲਜੀਤ ਸਿੰਘ ਗਰੇਵਾਲ, ਹਰਨੇਕ ਸਿੰਘ ਗੁਜਰਵਾਲ ਅਤੇ ਨਰੇਸ਼ ਗੌੜ ਨੇ ਕੀਤਾ।ਬਲਦੇਵ ਸਿੰਘ ਲਤਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂਅ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੱਤਾ ਗਿਆ।