ਇਮਰਾਨ ਦੀ ਪਾਰਟੀ ਦੇ ਪੋ੍ਰਟੈੱਸਟ ਨੂੰ ਬਰੇਕ

0
111

ਇਸਲਾਮਾਬਾਦ : ਜੇਲ੍ਹਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਮੰਗਲਵਾਰ ਰਾਤ ਹਕੂਮਤੀ ਜਬਰ ਤੋਂ ਬਾਅਦ ਆਪਣਾ ਵਿਰੋਧ ਪ੍ਰਦਰਸ਼ਨ ਹਾਲ ਦੀ ਘੜੀ ਰੋਕ ਦਿੱਤਾ ਹੈ। ਪ੍ਰਦਰਸ਼ਨ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ ਸਨ, ਜਦੋਂ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸੈਂਕੜੇ ਕਾਰਕੁਨ ਮਾਰੇ ਗਏ ਹਨ। ਇਸ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਦੇ ਥਹੁ-ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ ਸੀ, ਪਰ ਹੁਣ ਇਹ ਪਤਾ ਲੱਗਿਆ ਹੈ ਕਿ ਉਹ ਉੱਤਰ-ਪੱਛਮੀ ਸੂਬੇ ਦੇ ਐਬਟਾਬਾਦ ਦੇ ਨੇੜੇ ਮਾਨਸੇਹਰਾ ’ਚ ਹਨ।
ਅਧਿਕਾਰੀਆਂ ਨੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਵੱਲੋਂ ਤਿੰਨ ਦਿਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬੰਦ ਕੀਤੇ ਗਏ ਸਾਰੇ ਮੁੱਖ ਮਾਰਗਾਂ ਦੀ ਸਫਾਈ ਕਰਵਾ ਕੇ ਸੜਕਾਂ ਆਵਾਜਾਈ ਲਈ ਖੋਲ੍ਹ ਦਿੱਤੀਆਂ ਹਨ। ਇਸ ਦੌਰਾਨ ਇਮਰਾਨ ਖਾਨ ਦੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਬੇਰਹਿਮੀ ਨਾਲ ਨਿਹੱਥੇ ਲੋਕਾਂ ਦੀ ਮਾਰਕੁਟਾਈ ਕੀਤੀ ਤੇ ਪਾਰਟੀ ਕਾਰਕੁਨਾਂ ’ਤੇ ਤਸ਼ੱਦਦ ਢਾਹਿਆ।