ਲਾਰੈਂਸ ਤੇ ਬੰਬੀਹਾ ਗਰੋਹਾਂ ਦੇ ਦੋ-ਦੋ ਗੈਂਗਸਟਰ ਗਿ੍ਰਫਤਾਰ

0
150

ਜਲੰਧਰ/ ਮੁਹਾਲੀ (ਸ਼ੈਲੀ ਐਲਬਰਟ/ਇਕਬਾਲ ਉਭੀ/ ਗੁਰਜੀਤ ਬਿੱਲਾ)-ਜਲੰਧਰ ਕਮਿਸ਼ਨਰੇਟ ਪੁਲਸ ਨੇ ਜਲੰਧਰ ਛਾਉਣੀ ਦੇ ਬਾਹਰਵਾਰ ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਮੈਗਜ਼ੀਨ ਅਤੇ ਕਾਰਤੂਸ ਸਮੇਤ ਤਿੰਨ ਹਥਿਆਰ ਬਰਾਮਦ ਕੀਤੇ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਬੁੱਧਵਾਰ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਹਰਿੰਦਰ ਸਿੰਘ ਉਰਫ ਹਿੰਦਾ ਵਾਸੀ ਮਹਿਦੀਪੁਰ ਜੱਟਾਂ, ਆਦਮਪੁਰ, ਜਲੰਧਰ ਅਤੇ ਸੁਖਮਨਜੀਤ ਸਿੰਘ ਉਰਫ ਸੁਖਮਨ ਵਾਸੀ ਨਿਊ ਦਿਓਲ ਨਗਰ, ਜਲੰਧਰ ਵਜੋਂ ਹੋਈ ਹੈ। ਦੋਵਾਂ ਨੂੰ ਥਾਣਾ ਭਾਰਗੋ ਕੈਂਪ ਜਲੰਧਰ ਵਿਖੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐੱਫ ਆਈ ਆਰ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਗਿ੍ਰਫ਼ਤਾਰ ਕੀਤਾ ਗਿਆ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਚਾਰ ਹਥਿਆਰ ਬਰਾਮਦ ਕਰਨ ਤੋਂ ਬਾਅਦ ਪੰਜ ਵਿਅਕਤੀਆਂ ਨੂੰ ਪਹਿਲਾਂ ਹੀ ਗਿ੍ਰਫ਼ਤਾਰ ਕਰ ਲਿਆ ਸੀ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਪੁਲਸ ਟੀਮਾਂ ਦੋਵਾਂ ਮੁਲਜ਼ਮਾਂ ਨੂੰ ਜਲੰਧਰ ਕੈਂਟ ਦੇ ਬਾਹਰਵਾਰ ਸੁੰਨਸਾਨ ਜਗ੍ਹਾ ’ਤੇ ਲਿਜਾ ਰਹੀਆਂ ਸਨ, ਜਿੱਥੇ ਉਨ੍ਹਾਂ ਹਥਿਆਰ ਅਤੇ ਗੋਲਾ-ਬਾਰੂਦ ਲੁਕਾਉਣ ਦਾ ਦਾਅਵਾ ਕੀਤਾ ਸੀ।
ਉਨ੍ਹਾ ਕਿਹਾ ਕਿ ਰਿਕਵਰੀ ਅਪ੍ਰੇਸ਼ਨ ਦੌਰਾਨ ਸੁਖਮਨਜੀਤ ਸਿੰਘ ਨੇ ਪੁਲਸ ਟੀਮਾਂ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ। ਦੋਵੇਂ ਮੁਲਜ਼ਮਾਂ ਨੂੰ ਫੜ ਲਿਆ ਗਿਆ ਅਤੇ ਗੋਲੀਬਾਰੀ ਦੌਰਾਨ ਸੁਖਮਨਜੀਤ ਸਿੰਘ ਨੂੰ ਗੋਲੀਆਂ ਲੱਗੀਆਂ ਅਤੇ ਹਰਿੰਦਰ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਫਿਰੌਤੀ, ਕਤਲ, ਆਰਮਜ਼ ਐਕਟ ਤੇ ਐੱਨ ਡੀ ਪੀ ਐੱਸ ਐਕਟ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ।
ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੁਹਾਲੀ ਪੁਲਸ ਨਾਲ ਮਿਲ ਕੇ ਦਵਿੰਦਰ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ.32 ਬੋਰ ਦੇ ਦੋ ਪਿਸਤੌਲ ਤੇ 7 ਕਾਰਤੂਸ ਬਰਾਮਦ ਕੀਤੇ ਹਨ। ਫੜੇ ਜਾਣ ਵਾਲਿਆਂ ਦੀ ਪਛਾਣ ਮੁਹਾਲੀ ਦੇ ਪਿੰਡ ਮਹਿਮਦਪੁਰ ਦੇ ਹਰਿੰਦਰ ਸਿੰਘ ਅਤੇ ਮੁਹਾਲੀ ਦੇ ਹੀ ਵਰਾਣਾ ਦੇ ਗੁਰਜਿੰਦਰ ਸਿੰਘ ਵਜੋਂ ਹੋਈ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਅਮਰੀਕਾ ਅਧਾਰਤ ਕੁਲਵੀਰ ਸਿੰਘ ਉਰਫ ਲਾਲਾ ਬੈਨੀਪਾਲ, ਜੋ ਕਿ ਵਿਦੇਸ਼ ਰਹਿੰਦੇ ਗੈਂਗਸਟਰ ਲੱਕੀ ਪਟਿਆਲ ਦਾ ਸਾਥੀ ਹੈ, ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਟ੍ਰਾਈਸਿਟੀ ਖੇਤਰ ’ਚ ਕਈ ਅਪਰਾਧਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਮੁਹਾਲੀ ਦੇ ਐੱਸ ਐੱਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਇਨ੍ਹਾਂ ਨੂੰ ਫੋਕਲ ਪੁਆਇੰਟ ਮੁਬਾਰਕਪੁਰ ਦੇ ਨੇੜਿਓਂ ਗਿ੍ਰਫਤਾਰ ਕੀਤਾ ਗਿਆ।