ਮੁੰਬਈ : ਸ਼ਿਵ ਸੈਨਾ ਆਗੂ ਤੇ ਐਕਟਿੰਗ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬੁੱਧਵਾਰ ਕਿਹਾ ਕਿ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰ ਕੇ ਕਹਿ ਦਿੱਤਾ ਹੈ ਕਿ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਕੋਈ ਮਤਭੇਦ ਨਹੀਂ ਹਨ ਤੇ ਉਹ ਐੱਨ ਡੀ ਏ ਦਾ ਹਿੱਸਾ ਹਨ। ਸ਼ਿਵ ਸੈਨਾ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਹੁਕਮਾਂ ’ਤੇ ਫੁੱਲ ਚੜ੍ਹਾਏਗੀ ਤੇ ਉਨ੍ਹਾ ਦਾ ਮੁੱਖ ਮੰਤਰੀ ਬਾਰੇ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ।
ਉਨ੍ਹਾ ਕਿਹਾ ਕਿ ਉਨ੍ਹਾ ਕਦੇ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਨਹੀਂ ਸਮਝਿਆ ਤੇ ਆਮ ਲੋਕਾਂ ਦੀ ਤਰ੍ਹਾਂ ਹੀ ਕੰਮ ਕੀਤਾ, ਉਨ੍ਹਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਜ਼ਿੰਮੇਵਾਰੀ ਦਿੱਤੀ, ਉਸ ਨੂੰ ਨਿੱਠ ਕੇ ਨਿਭਾਇਆ।
ਉਨ੍ਹਾ ਲੋਕਾਂ ਵੱਲੋਂ ਉਨ੍ਹਾ ਨੂੰ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਸ਼ਿੰਦੇ ਨਵੇਂ ਮੁੱਖ ਮੰਤਰੀ ਬਾਰੇ ਕੋਈ ਐਲਾਨ ਕਰਨਗੇ, ਪਰ ਉਨ੍ਹਾ ਹਾਲ ਦੀ ਘੜੀ ਇਸ ’ਤੇ ਆਪਣੇ ਪੱਤੇ ਨਹੀਂ ਖੋਲ੍ਹੇ। ਉਨ੍ਹਾ ਕਿਹਾ ਕਿ ਜਦੋਂ ਉਨ੍ਹਾ ਮੁੱਖ ਮੰਤਰੀ ਦੀ ਜ਼ਿੰਮੇਵਾਰ ਸਾਂਭੀ ਤਾਂ ਇਸ ਤੋਂ ਪਹਿਲਾਂ ਵਾਲੀ ਸਰਕਾਰ ਦੀਆਂ ਕਈ ਚੁਣੌਤੀਆਂ ਦਰਪੇਸ਼ ਸਨ, ਪਰ ਉਨ੍ਹਾ ਸੂਬੇ ਨੂੰ ਮੋਹਰੀ ਸੂਬਾ ਬਣਾ ਦਿੱਤਾ ਹੈ। ਉਨ੍ਹਾ ਦੱਸਿਆ ਕਿ ਉਨ੍ਹਾ ਨੇ ਸੂਬਾ ਵਾਸੀਆਂ ਲਈ 124 ਫੈਸਲੇ ਲਏ ਤੇ ਲੋਕ-ਪੱਖੀ ਨੀਤੀਆਂ ਲਾਗੂ ਕੀਤੀਆਂ।
ਇਸ ਤੋਂ ਪਹਿਲਾਂ ਦਵਿੰਦਰ ਫੜਨਵੀਸ ਨੂੰ ਜਦੋਂ ਪੱਤਰਕਾਰਾਂ ਨੇ ਨਵੇਂ ਮੁੱਖ ਮੰਤਰੀ ਦੇ ਨਾਂਅ ਬਾਰੇ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਇਸ ਮਾਮਲੇ ਵਿੱਚ ਹਾਈ ਕਮਾਂਡ ਜਲਦੀ ਹੀ ਜਾਣਕਾਰੀ ਦੇਵੇਗੀ।