ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਨਿੱਚਰਵਾਰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਰੀ ਕਰ ਦਿੱਤਾ ਹੈ, ਜੋ ਕਿ ਉਸ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਸੱਤ ਸਾਲਾਂ ਤੋਂ ਵੱਧ ਸਮੇਂ ਬਾਅਦ ਹੋਇਆ ਹੈ। ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 2019 ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ 2002 ਵਿੱਚ ਪੱਤਰਕਾਰ ਛੱਤਰਪਤੀ ਦੇ ਕਤਲ ਲਈ ਦੋਸ਼ੀ ਪਾਇਆ ਸੀ, ਜਿਨ੍ਹਾਂ ਡੇਰਾ ਮੁਖੀ ਵਿਰੁੱਧ ਲੱਗੇ ਦੋਸ਼ਾਂ ਨਾਲ ਸੰਬੰਧਤ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਸਨ। ਹਾਲਾਂਕਿ ਸਜ਼ਾ ਦੇ ਵਿਰੁੱਧ ਅਪੀਲਾਂ ਦੀ ਸੁਣਵਾਈ ਕਰਦੇ ਹੋਏ ਮੁੱਖ ਜੱਜ ਸ਼ੀਲ ਨਾਗੂ ਅਤੇ ਜਸਟਿਸ ਵਿਕਰਮ ਅਗਰਵਾਲ ਦੇ ਡਵੀਜ਼ਨ ਬੈਂਚ ਨੇ ਸਜ਼ਾ ਨੂੰ ਰੱਦ ਕਰ ਦਿੱਤਾ ਅਤੇ ਰਾਮ ਰਹੀਮ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਇਸ ਕੇਸ ਵਿੱਚ ਦੋ ਹੋਰ ਮੁਲਜ਼ਮਾਂ ਵੱਲੋਂ ਦਾਇਰ ਅਪੀਲਾਂ ਨੂੰ ਖਾਰਜ ਕਰ ਦਿੱਤਾ, ਜਿਸ ਨਾਲ ਉਨ੍ਹਾਂ ਵਿਰੁੱਧ ਦਿੱਤੇ ਗਏ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਹੈ।
ਸਿਰਸਾ ਵਿੱਚ ਇੱਕ ਸਥਾਨਕ ਅਖ਼ਬਾਰ ਚਲਾਉਣ ਵਾਲੇ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਅਕਤੂਬਰ 2002 ਵਿੱਚ ਉਨ੍ਹਾ ਦੀ ਰਿਹਾਇਸ਼ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ ਸਨ। ਇਸ ਕੇਸ ਨੇ ਦੇਸ਼ ਭਰ ਦਾ ਧਿਆਨ ਖਿੱਚਿਆ ਸੀ, ਕਿਉਂਕਿ ਛਤਰਪਤੀ ਨੇ ਇੱਕ ਚਿੱਠੀ ਪ੍ਰਕਾਸ਼ਤ ਕੀਤੀ ਸੀ, ਜਿਸ ਵਿੱਚ ਡੇਰੇ ਦੇ ਅੰਦਰ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਕਾਰਨ ਬਾਅਦ ਵਿੱਚ ਰਾਮ ਰਹੀਮ ਵਿਰੁੱਧ ਜਾਂਚ ਹੋਈ ਸੀ। ਇੱਕ ਲੰਮੀ ਜਾਂਚ ਤੋਂ ਬਾਅਦ ਕੇਸ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ, ਜਿਸ ਨੇ ਅੰਤ ਵਿੱਚ ਕਤਲ ਲਈ ਰਾਮ ਰਹੀਮ ਅਤੇ ਹੋਰਨਾਂ ਵਿਰੁੱਧ ਮੁਕੱਦਮਾ ਚਲਾਇਆ ਸੀ।
ਰਾਮ ਰਹੀਮ ਇਸ ਸਮੇਂ ਹੋਰ ਮਾਮਲਿਆਂ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ, ਜਿਸ ਵਿੱਚ ਜਬਰ-ਜ਼ਨਾਹ ਅਤੇ ਹੋਰ ਅਪਰਾਧਾਂ ਨਾਲ ਸੰਬੰਧਤ ਸਜ਼ਾਵਾਂ ਸ਼ਾਮਲ ਹਨ।




