ਚੰਡੀਗੜ੍ਹ : ਸੀ ਪੀ ਆਈ ਦੀ ਕੌਮੀ ਕੌਂਸਲ ਦੇ ਸੱਦੇ ’ਤੇ ਸਾਰੇ ਪੰਜਾਬ ਵਿਚ ਸੀ ਪੀ ਆਈ 10 ਦਸੰਬਰ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਰੋਸ ਦਿਵਸ ਮਨਾਏਗੀ। 10 ਦਸੰਬਰ ਨੂੰ ‘ਵਿਸ਼ਵ ਮਨੁੱਖੀ ਅਧਿਕਾਰ ਦਿਵਸ’ ਸੰਸਾਰ ਭਰ ਵਿਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਵਿਰੁੱਧ ਰੋਸ ਵਜੋਂ ਮਨਾਇਆ ਜਾ ਰਿਹਾ ਹੈ। ਬੰਤ ਸਿੰਘ ਬਰਾੜ, ਜਿਹੜੇ ਪੰਜਾਬ ਸੀ ਪੀ ਆਈ ਦੇ ਸਕੱਤਰ ਹਨ, ਨੇ ਦੱਸਿਆ ਕਿ ਸਾਮਰਾਜ ਦੇ ਨਾਟੋ ਗਠਜੋੜ ਵੱਲੋਂ ਸਾਰੀ ਦੁਨੀਆਂ ਵਿਚ ਮਾਨਵਤਾ ਵਿਰੁੱਧ ਅਣਮਨੁੱਖੀ ਅੱਤਿਆਚਾਰ ਕੀਤੇ ਜਾ ਰਹੇ ਹਨ। ਫਲਸਤੀਨ ਦਾ ਇਜ਼ਰਾਈਲੀ ਫੌਜਾਂ ਦੁਆਰਾ ਨਸਲਘਾਤ ਕੀਤਾ ਜਾ ਰਿਹਾ ਹੈ ਤੇ ਲਗਭਗ 60 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।ਭਾਰਤ ਅੰਦਰ ਆਰ ਐੱਸ ਐੱਸ ਦੇ ਨਿਰਦੇਸ਼ਾਂ ’ਤੇ ਘੱਟ-ਗਿਣਤੀਆਂ ਵਿਰੁੱਧ ਹਰ ਰੋਜ਼ ਹਿੰਸਾਤਮਕ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਮਨੀਪੁਰ ਵਿਚ ਵੀ ਘੱਟ ਗਿਣਤੀਆਂ ’ਤੇ ਲਗਾਤਾਰ ਅੱਤਿਆਚਾਰ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਹੁਣ ਤੱਕ ਉਥੇ ਜਾਣਾ ਉਚਿਤ ਨਹੀਂ ਸਮਝਿਆ। ਪ੍ਰਧਾਨ ਮੰਤਰੀ ਤੋਂ ਲੈ ਕੇ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਤੇ ਅਨੇਕਾਂ ਭਾਜਪਾ ਆਗੂ ਘੱਟ ਗਿਣਤੀਆਂ ’ਤੇ ਸਿੱਧੇ ਹਮਲੇ ਕਰ ਰਹੇ ਹਨ। ਭਾਰਤ ਅੰਦਰ ਤਿੰਨ ਦਰਜਨ ਤੋਂ ਵੱਧ ਸਮਾਜਕ ਕਾਰਕੁਨ, ਵਿਦਵਾਨ, ਲੇਖਕ ਅਤੇ ਜਰਨਲਿਸਟਾਂ ਨੂੰ ਬਿਨਾਂ ਕਿਸੇ ਕਾਰਨਾਂ ਦੇ ਦੇਸ਼ਧ੍ਰੋਹ ਦੇ ਅਖੌਤੀ ਦੋਸ਼ਾਂ ਅਧੀਨ ਕਈ ਸਾਲਾਂ ਤੋਂ ਜੇਲ੍ਹੀਂ ਡੱਕਿਆ ਹੋਇਆ ਹੈ ਤੇ ਕਈਆਂ ਦੀ ਜੇਲ੍ਹ ਵਿਚ ਹੀ ਮੌਤ ਹੋ ਗਈ ਹੈ। ਸਾਥੀ ਬਰਾੜ ਨੇ ਕਿਹਾ ਕਿ ਸੀ ਪੀ ਆਈ ਮੰਗ ਕਰਦੀ ਹੈ ਕਿ ਉਹਨਾਂ ਸਾਰੇ ਕੈਦੀਆਂ ਨੂੰ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਸਮੇਤ ਪੰਜਾਬ ਦੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਸੀ ਪੀ ਆਈ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ’ਤੇ ਢਾਹੇ ਜਾ ਰਹੇ ਅੱਤਿਆਚਾਰਾਂ ਦੀ ਨਿਖੇਧੀ ਕਰਦੀ ਹੈ। ਉਹਨਾ ਕਿਹਾ ਕਿ ਅਡਾਨੀ ਗਰੁੱਪ ਆਫ ਕੰਪਨੀਜ਼ ਵੱਲੋਂ ਮੋਦੀ ਸਰਕਾਰ ਦੀ ਸਹਾਇਤਾ ਨਾਲ ਦੇਸ਼ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਵਿਰੁੱਧ ਸੀ ਪੀ ਆਈ ਨੇ ਆਵਾਜ਼ ਉਠਾਉਣ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ‘ਸਾਂਝੀ ਸੰਸਦੀ ਕਮੇਟੀ’ ਵੱਲੋਂ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ। ਸਾਥੀ ਬਰਾੜ ਨੇ ਪੰਜਾਬ ਦੇ ਜਮਹੂਰੀ ਲੋਕਾਂ ਨੂੰ ਇਸ ਦਿਨ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ।



