ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਰਤੀ ਵਾਯੂਯਾਨ ਬਿੱਲ 2024 ’ਤੇ ਸੰਸਦ ’ਚ ਚਰਚਾ ਕਰਦੇ ਹੋਏ ਦੇਸ਼ ਦੇ ਆਮ ਨਾਗਰਿਕਾਂ ਦੀ ਹਵਾਈ ਯਾਤਰਾ ਨਾਲ ਜੁੜੀਆਂ ਚੁਣੌਤੀਆਂ ਨੂੰ ਗੰਭੀਰਤਾ ਨਾਲ ਪੇਸ਼ ਕੀਤਾ। ਉਨ੍ਹਾ ਹਵਾਈ ਯਾਤਰਾ ਨੂੰ ਆਮ ਲੋਕਾਂ ਲਈ ਪਹੁੰਚਯੋਗ ਬਣਾਉਣ ਅਤੇ ਬਿਹਤਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਚੱਢਾ ਨੇ ਸੰਸਦ ’ਚ ਆਪਣੇ ਭਾਸ਼ਣ ’ਚ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚੱਪਲਾਂ ਪਹਿਨਣ ਵਾਲਿਆਂ ਨੂੰ ਹਵਾਈ ਜਹਾਜ਼ ’ਚ ਸਫਰ ਕਰਵਾਵਾਂਗੇ, ਪਰ ਹੋ ਰਿਹਾ ਹੈ ਇਸ ਦੇ ਉਲਟ। ਅੱਜ ਚੱਪਲਾਂ ਨੂੰ ਭੁੱਲ ਜਾਓ, ਬਾਟਾ ਦੀ ਜੁੱਤੀ ਪਹਿਨਣ ਵਾਲਾ ਵੀ ਹਵਾਈ ਯਾਤਰਾ ਦਾ ਖਰਚ ਨਹੀਂ ਚੁੱਕ ਸਕਦਾ।ਦਿੱਲੀ ਤੋਂ ਮੁੰਬਈ ਅਤੇ ਪਟਨਾ ਵਰਗੇ ਸਾਂਝੇ ਰੂਟਾਂ ’ਤੇ ਟਿਕਟ ਦੀ ਕੀਮਤ 10,000 ਤੋਂ 14,500 ਰੁਪਏ ਤੱਕ ਪਹੁੰਚ ਗਈ ਹੈ, ਪਰ ਮਾਲਦੀਵ ਦਾ ਕਿਰਾਇਆ 17 ਹਜ਼ਾਰ ਰੁਪਏ ਹੈ, ਜਦਕਿ ਲਕਸ਼ਦੀਪ ਦਾ ਕਿਰਾਇਆ 25 ਹਜ਼ਾਰ ਰੁਪਏ ਹੈ।
ਉਨ੍ਹਾ ਕਿਹਾ ਕਿ ਕੋਈ ਵਿਅਕਤੀ ਟੈਕਸੀ ਵਿੱਚ 600-700 ਰੁਪਏ ਦੇ ਕੇ ਏਅਰਪੋਰਟ ਪਹੁੰਚਦਾ ਹੈ, ਫੇਰ ਉਸ ਨੂੰ ਪਤਾ ਚੱਲਦਾ ਹੈ ਕਿ ਫਲਾਈਟ 3 ਘੰਟੇ ਲੇਟ ਹੈ।ਏਅਰਪੋਰਟਾਂ ’ਤੇ ਪਾਣੀ ਦੀ ਬੋਤਲ 100 ਰੁਪਏ ’ਚ ਮਿਲਦੀ ਹੈ। ਚਾਹ ਦੇ ਕੱਪ ਲਈ ਵੀ 200-250 ਰੁਪਏ ਖਰਚਣੇ ਪੈਂਦੇ ਹਨ। ਕੀ ਸਰਕਾਰ ਸਸਤੀ ਅਤੇ ਵਾਜਬ ਕੀਮਤ ਵਿੱਚ ਕੰਟੀਨਾਂ ਸ਼ੁਰੂ ਨਹੀਂ ਕਰ ਸਕਦੀ?
ਸਾਂਸਦ ਨੇ ਏਵੀਏਸ਼ਨ ਖੇਤਰ ਵਿੱਚ ਵਧ ਰਹੇ ਏਕਾਧਿਕਾਰ ਉੱਤੇ ਵੀ ਸਵਾਲ ਉਠਾਏ। ਉਨ੍ਹਾ ਕਿਹਾ ਕਿ ਮੌਜੂਦਾ ਦੋ ਏਅਰਲਾਈਨਜ਼ ਕੰਪਨੀਆਂ ਮਨਮਾਨੇ ਭਾਅ ’ਤੇ ਟਿਕਟਾਂ ਵੇਚ ਰਹੀਆਂ ਹਨ। ਉਨ੍ਹਾਂ ’ਤੇ ਕਿਸੇ ਦਾ ਕੰਟਰੋਲ ਨਹੀਂ। ਸਰਕਾਰ ਨੂੰ ਇਸ ਖੇਤਰ ਵਿੱਚ ਨਵੀਂਆਂ ਕੰਪਨੀਆਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ, ਤਾਂ ਜੋ ਮੁਕਾਬਲਾ ਵਧੇ ਅਤੇ ਸੇਵਾਵਾਂ ਵਿੱਚ ਸੁਧਾਰ ਹੋਵੇ।

