ਸਭ ਦੇ ਜਾਗਣ ਦਾ ਵੇਲਾ : ਬਾਜਵਾ

0
170

ਕਾਦੀਆਂ : ਪੰਜਾਬ ਅਸੰਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ। ਅਜਿਹੀਆਂ ਹਿੰਸਕ ਕਾਰਵਾਈਆਂ ਦਾ ਸਾਡੇ ਸਮਾਜ ’ਚ ਕੋਈ ਸਥਾਨ ਨਹੀਂ ਹੈ। ਅਜਿਹੀਆਂ ਘਟਨਾਵਾਂ ਸਾਡੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਸਮਾਜਕ ਸਦਭਾਵਨਾ ਦੇ ਤਾਣੇ-ਬਾਣੇ ਨੂੰ ਕਮਜ਼ੋਰ ਕਰਦੀਆਂ ਹਨ। ਉਨ੍ਹਾ ਕਿਹਾਇਸ ਘਟਨਾ ਨੂੰ ਸਾਰੇ ਸੰਬੰਧਤਾਂ, ਸਿਆਸੀ ਆਗੂਆਂ, ਸਮਾਜਕ ਸੰਸਥਾਵਾਂ ਅਤੇ ਜਨਤਾ ਨੂੰ ਇਕੱਠੇ ਹੋਣ ਅਤੇ ਗੱਲਬਾਤ ਤੇ ਸ਼ਾਂਤੀ ਦੇ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਜਾਗਣ ਦੇ ਸੱਦੇ ਵਜੋਂ ਲਿਆ ਜਾਣਾ ਚਾਹੀਦਾ ਹੈ। ਸਾਨੂੰ ਇਹ ਯਕੀਨੀ ਬਣਾਉਣ ਲਈ ਸਮੂਹਕ ਤੌਰ ’ਤੇ ਕੰਮ ਕਰਨਾ ਚਾਹੀਦਾ ਹੈ ਕਿ ਪੰਜਾਬ ਆਪਣੀ ਅਮੀਰ ਵਿਰਾਸਤ ਨੂੰ ਧਿਆਨ ਵਿਚ ਰੱਖਦੇ ਹੋਏ ਆਪਸੀ ਸਤਿਕਾਰ, ਸਮਝ ਅਤੇ ਸ਼ਾਂਤੀ ਦੀ ਧਰਤੀ ਬਣਿਆ ਰਹੇ। ਇਸ ਘਟਨਾ ਦੀ ਹਰ ਪੱਖ ਤੋਂ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇੱਕ ਗੈਂਗਸਟਰ ਹਲਾਕ, ਦੋ ਜ਼ਖਮੀ
ਰੋਹਤਕ : ਮੰਗਲਵਾਰ ਦੇਰ ਰਾਤ ਇੱਥੇ ਇੰਡਸਟਰੀਅਲ ਮਾਡਰਨ ਟਾਊਨਸ਼ਿਪ ਨੇੜੇ ਪੁਲਸ ਮੁਕਾਬਲੇ ’ਚ ਯੂ ਪੀ ਦੇ ਬਾਗਪਤ ਦਾ ਇੱਕ ਗੈਂਗਸਟਰ ਮਾਰਿਆ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ। ਮੁਕਾਬਲੇ ਤੋਂ ਬਾਅਦ ਤਿੰਨਾਂ ਨੂੰ ਇਲਾਜ ਲਈ ਰੋਹਤਕ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਲਿਜਾਇਆ ਗਿਆ ਸੀ, ਜਿੱਥੇ ਦੀਪਕ ਨੇ ਦਮ ਤੋੜ ਦਿੱਤਾ। ਦੂਜਿਆਂ ਦੀ ਹਾਲਤ ਗੰਭੀਰ ਬਣੀ ਹੋਈ ਸੀ, ਜਿਨ੍ਹਾਂ ਦੀ ਪਛਾਣ ਖਿਡਵਾਲੀ ਪਿੰਡ ਦੇ ਰਾਹੁਲ ਉਰਫ ਬਾਬਾ ਅਤੇ ਆਯੂਸ਼ ਵਜੋਂ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ। ਰਾਹੁਲ ਤੀਹਰੇ ਕਤਲ ਕਾਂਡ ਵਿੱਚ ਲੋੜੀਂਦਾ ਸੀ। ਪੁਲਸ ਨੇ ਖੁਫੀਆ ਜਾਣਕਾਰੀ ਤੋਂ ਬਾਅਦ ਖੇਤਰ ’ਚ ਗੈਂਗਸਟਰਾਂ ਦੀ ਭਾਲ ਸ਼ੁਰੂ ਕੀਤੀ, ਜਿਸ ਦੌਰਾਨ ਪੁਲਸ ਨੂੰ ਦੇਖ ਕੇ ਬਦਮਾਸ਼ਾਂ ਨੇ ਪੁਲਸ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ’ਚ ਇੱਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਫੌਜੀ ਚੌਕੀ ’ਤੇ ਗ੍ਰਨੇਡ ਸੁੱਟੇ
ਜੰਮੂ : ਦਹਿਸ਼ਤਗਰਦਾਂ ਨੇ ਬੁੱਧਵਾਰ ਪੁੰਛ ਜ਼ਿਲ੍ਹੇ ’ਚ ਸੂਰਨਕੋਟ ਇਲਾਕੇ ’ਚ ਫੌਜੀ ਕੈਂਪ ਦੇ ਪਿੱਛੇ ਫੌਜ ਦੀ ਚੌਕੀ ’ਤੇ ਦੋ ਗ੍ਰਨੇਡ ਸੁੱਟੇ, ਜਿਨ੍ਹਾਂ ਵਿੱਚੋਂ ਇੱਕ ਹੀ ਫਟਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ।