ਅੰਮਿ੍ਰਤਸਰ : ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ’ਤੇ ਸੇਵਾ ਕਰਦਿਆਂ ਗੋਲੀ ਚਲਾਉਣ ਦੀ ਵਾਪਰੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ’ਤੇ ਨਹੀਂ, ਸਗੋਂ ਸ੍ਰੀ ਅਕਾਲ ਤਖਤ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹਿਰੇਦਾਰ ਦੀ ਲਾਈ ਗਈ ਸੇਵਾ ਕਰ ਰਹੇ ਇੱਕ ਸੇਵਾਦਾਰ ’ਤੇ ਹੋਇਆ ਹੈ। ਉਨ੍ਹਾ ਕਿਹਾ ਕਿ ਮੌਕੇ ’ਤੇ ਹਾਜ਼ਰ ਸੇਵਾਦਾਰਾਂ ਵੱਲੋਂ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਵੱਲੋਂ ਚਲਾਈ ਗਈ ਗੋਲੀ ਚਰਨ ਗੰਗਾ ਵਾਲੇ ਹਿੱਸੇ ’ਚ ਜਾ ਲੱਗੀ। ਇਸ ਬਾਰੇ ਪੁਲਸ ਨੂੰ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਦੇ ਪਿੱਛੇ ਕੌਣ ਹਨ।
ਐੱਸ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਸ ਪਾਵਨ ਅਸਥਾਨ ’ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਧਾਰਮਕ ਸੇਵਾ ਨਿਭਾਉਂਦਿਆਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲੈਣਾ ਬੇਹੱਦ ਦੁਖਦਾਈ ਅਤੇ ਗੈਰ-ਇਖਲਾਕੀ ਕਰਵਾਈ ਹੈ। ਉਨ੍ਹਾ ਕਿਹਾ ਕਿ ਸੇਵਾ ਦੌਰਾਨ ਸੁਖਬੀਰ ਬਾਦਲ ’ਤੇ ਹਮਲਾ ਕਰਨਾ ਜਿਥੇ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਅਤੇ ਗੈਰ-ਮਨੁੱਖੀ ਹਰਕਤ ਹੈ, ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ’ਤੇ ਤੌਹੀਨ ਹੈ।
ਸਿੱਖ ਹਿਰਦੇ ਵਲੂੰਧਰੇ ਗਏ : ਚੰਦੂਮਾਜਰਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪਵਿੱਤਰ ਅਸਥਾਨ ਉੱਤੇ ਸੇਵਾ ਨਿਭਾ ਰਹੇ ਵਿਅਕਤੀ ਉੱਪਰ ਅਚਾਨਕ ਹੋਇਆ ਇਹ ਹਮਲਾ ਸਿੱਖ ਹਿਰਦਿਆਂ ਨੂੰ ਵਲੂੰਧਰ ਦੇਣ ਵਾਲਾ ਹੈ। ਗੁਰੂ ਘਰ ਵਿੱਚ ਸੇਵਾ ਕਰ ਰਹੇ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਸਿੱਖ ਜਗਤ ਲਈ ਨਮੋਸ਼ੀ ਵਾਲੀ ਗੱਲ ਹੈ। ਉਨ੍ਹਾ ਨਾਲ ਹੀ ਆਖਿਆ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਉੱਪਰ ਚੱਲੀ ਇਹ ਗੋਲੀ ਸੂਬੇ ਦੀ ਡਾਵਾਂਡੋਲ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਵੀ ਬਿਆਨ ਕਰਦੀ ਹੈ। ਇਹ ਘਟਨਾ ਦਰਸਾ ਰਹੀ ਹੈ ਕਿ ਸੂਬੇ ’ਚ ਅਰਾਜਕਤਾ ਵਾਲਾ ਮਾਹੌਲ ਹੈ।




