ਮੁੰਬਈ : ਕਈ ਦਿਨਾਂ ਦੀ ਅਨਿਸ਼ਚਿਤਤਾ ਤੋਂ ਬਾਅਦ ਬੁੱਧਵਾਰ ਸਪੱਸ਼ਟ ਹੋ ਗਿਆ ਕਿ ਦੇਵੇਂਦਰ ਫੜਨਵੀਸ ਹੀ ‘ਮਹਾਯੁਤੀ’ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਵੀਰਵਾਰ ਸਹੁੰ ਚੁੱਕਣਗੇ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿਚ ਫੜਨਵੀਸ ਨੂੰ ਆਗੂ ਚੁਣ ਲਏ ਜਾਣ ਤੋਂ ਬਾਅਦ ਮਹਾਯੁਤੀ ਦੇ ਵਫਦ ਨੇ ਮਹਾਰਾਸ਼ਟਰ ਦੇ ਰਾਜਪਾਲ ਸੀ ਪੀ ਰਾਧਾਕਿ੍ਰਸ਼ਨਨ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕਾਰਜਕਾਰੀ ਮੁੱਖ ਮੰਤਰੀ ਤੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਅਤੇ ਐੱਨ ਸੀ ਪੀ ਪ੍ਰਧਾਨ ਅਜੀਤ ਪਵਾਰ ਨੇ ਫੜਨਵੀਸ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਮੁੱਖ ਮੰਤਰੀ ਵਜੋਂ ਉਨ੍ਹਾ ਦੀ ਹਮਾਇਤ ਵਿਚ ਆਪੋ-ਆਪਣੇ ਪੱਤਰ ਦਿੱਤੇ। ਇਸ ਤੋਂ ਬਾਅਦ ਰਾਜਪਾਲ ਨੇ ਮਹਾਯੁਤੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਸਹੁੰ ਚੁੱਕ ਸਮਾਗਮ ਸ਼ਾਮ 5.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਹੋਵੇਗਾ।
ਫੜਨਵੀਸ ਨੇ ਕਿਹਾ ਕਿ ਉਨ੍ਹਾ ਸ਼ਿੰਦੇ ਨੂੰ ਸਰਕਾਰ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਸ਼ਿੰਦੇ ਨੇ ਕਿਹਾ ਕਿ ਉਹ ਅਪੀਲ ਦਾ ਸਨਮਾਨ ਕਰਦੇ ਹਨ।