ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਹੋਏ ਕਾਤਲਾਨਾ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਨੇ ਕਾਂਗਰਸ ਤੇ ਇਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ’ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਨਰਾਇਣ ਸਿੰਘ ਦੇ ਚੌੜਾ ਦੀ ਪੁਸ਼ਤਪਨਾਹੀ ਕਰਨ ਅਤੇ ਆਮ ਆਦਮੀ ਪਾਰਟੀ ’ਤੇ ਇਹ ਹਮਲਾ ਹੋਣ ਦੇਣ ਦੇ ਦੋਸ਼ ਲਗਾਏ।
ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਕਾਤਲਾਨਾ ਹਮਲੇ ਦਾ ਮਕਸਦ ਪੰਜਾਬ ਵਿਚ ਆਧੁਨਿਕ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਅਤੇ ਫਿਰਕੂ ਵਖਰੇਵੇਂ ਪਾ ਕੇ ਸਰਹੱਦੀ ਸੂਬੇ ਦੀ ਸ਼ਾਂਤੀ ਭੰਗ ਕਰਨਾ ਸੀ। ਉਹਨਾ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਸਾਰੀ ਕਾਰਵਾਈ ਪਿੱਛੇ ਸਾਜ਼ਿਸ਼ ਬੇਨਕਾਬ ਕਰਨ ਲਈ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਰਾਮਦਾਸ ਦੀ ਅਪਾਰ ਬਖਸ਼ਿਸ਼ ਨਾਲ ਸੁਖਬੀਰ ਸਿੰਘ ਬਾਦਲ ਬਚ ਗਏ ਹਨ ਤੇ ਉਹ ਗੋਲੀ ਚੱਲਣ ਦੇ ਬਾਵਜੂਦ ਆਪਣੀ ਸੇਵਾ ਸੰਪੂਰਨ ਕਰ ਰਹੇ ਹਨ। ਉਹਨਾ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਇਹ ਸੇਵਾ ਲਗਾਤਾਰ ਜਾਰੀ ਹੈ। ਅਸੀਂ ਇਹਨਾਂ ਬੁਜ਼ਦਿਲ ਹਮਲਿਆਂ ਨਾਲ ਡਰਨ ਵਾਲੇ ਨਹੀਂ ਹਾਂ।ਮੁੱਖ ਮੰਤਰੀ ਭਗਵੰਤ ਮਾਨ ਦੀ ਨਿਖੇਧੀ ਕਰਦਿਆਂ ਮਜੀਠੀਆ ਨੇ ਵੀਡੀਓ ਸਬੂਤ ਵੀ ਪੇਸ਼ ਕੀਤੇ ਕਿ ਸੂਬਾ ਪੁਲਸ ਤਾਂ ਅਪਰਾਧ ਵਾਲੀ ਥਾਂ ਦੇ ਨੇੜੇ-ਤੇੜੇ ਵੀ ਨਹੀਂ ਸੀ। ਅੱਤਵਾਦੀ ਨੂੰ ਅਕਾਲੀ ਆਗੂ ਦੇ ਨੇੜੇ ਢੁਕਣ ਦਿੱਤਾ ਗਿਆ, ਹਾਲਾਂਕਿ ਪੰਜਾਬ ਪੁਲਸ ਦਾਅਵੇ ਕਰ ਰਹੀ ਹੈ ਕਿ ਹਮਲਾਵਰ ਪੁਲਸ ਦੀ ਨਿਗਰਾਨੀ ਹੇਠ ਸੀ। ਉਹਨਾ ਕਿਹਾ ਕਿ ਇਸ ਸਭ ਤੋਂ ਸੰਕੇਤ ਮਿਲਦੇ ਹਨ ਕਿ ਇਹ ਹਮਲਾ ਗਿਣੀਮਿਥੀ ਯੋਜਨਾ ਦਾ ਹਿੱਸਾ ਸੀ ਤੇ ਹਮਲਾਵਰ ਆਈ ਐੱਸ ਆਈ ਤੇ ਏਜੰਸੀਆਂ ਦਾ ਬੰਦਾ ਹੈ, ਜੋ ਸੁਖਜਿੰਦਰ ਸਿੰਘ ਰੰਧਾਵਾ ਦਾ ਨਜ਼ਦੀਕੀ ਹੈ। ਉਹਨਾ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸੁਰੱਖਿਆ ਅਫਸਰ ਜਸਬੀਰ ਸਿੰਘ ਵੱਲੋਂ ਹਮਲੇ ਨੂੰ ਅਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜਸਬੀਰ ਸਿੰਘ ਪਿਛਲੇ 20 ਸਾਲਾਂ ਤੋਂ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਦਸਤੇ ਦਾ ਹਿੱਸਾ ਹਨ ਤੇ ਬਾਦਲ ਪਰਵਾਰ ਦੇ ਮੈਂਬਰ ਹਨ।
ਅਕਾਲੀ ਆਗੂ ਨੇ ਕਿਹਾ ਕਿ ਚੌੜਾ ਇਕ ਖ਼ਤਰਨਾਕ ਅੱਤਵਾਦੀ ਹੈ, ਜਿਸ ਕੋਲੋਂ ਬੰਬ, ਐੱਮ ਪੀ 5 ਮਸ਼ੀਨ ਗੰਨ ਤੇ ਏ ਕੇ 47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ।
ਉਹਨਾ ਜ਼ੋਰ ਦੇ ਕੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਚੌੜਾ ਦੇ ਭਰਾ ਨਰਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪੰਚਾਇਤ ਸੰਮਤੀ ਦਾ ਚੇਅਰਮੈਨ ਬਣਵਾਇਆ ਸੀ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜਕਾਲ ਵੇਲੇ ਨਰਾਇਣ ਸਿੰਘ ਚੌੜਾ ਖਿਲਾਫ ਦੋ ਕੇਸ ਰੱਦ ਕੀਤੇ ਗਏ ਸਨ ਤੇ ਉਸ ਨੂੰ 2018 ਵਿਚ ਉਦੋਂ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਸੀ, ਜਦੋਂ ਰੰਧਾਵਾ ਕਾਂਗਰਸ ਸਰਕਾਰ ’ਚ ਮੰਤਰੀ ਸਨ। ਉਹਨਾ ਦੱਸਿਆ ਕਿ ਕਿਵੇਂ ਰੰਧਾਵਾ ਨੇ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਨਜ਼ਦੀਕੀਆਂ ਨੂੰ ਉਤਸ਼ਾਹਤ ਕੀਤਾ।
ਮਜੀਠੀਆ ਨੇੇ ਕਿਹਾ ਕਿ ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਸੂਬੇ ਦੇ ਡੀ ਜੀ ਪੀ ਤੇ ਅੰਮਿ੍ਰਤਸਰ ਦੇ ਪੁਲਸ ਮੁਖੀ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਹਨਾ ਕਿਹਾ ਕਿ ਪੁਲਸ ਇਸ ਗੱਲ ਦਾ ਜਵਾਬ ਦੇਵੇ ਕਿ ਇਕ ਖ਼ਤਰਨਾਕ ਅੱਤਵਾਦੀ ਨੂੰ ਦੋ ਦਿਨਾਂ ਤੱਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਕਿਵੇਂ ਘੁੰਮਣ ਦਿੱਤਾ ਗਿਆ ਅਤੇ ਉਸ ਨੂੰ ਪਹਿਲਾਂ ਕਿਉ ਨਹੀਂ ਫੜਿਆ ਗਿਆ।
ਪੰਜਾਬ ਪੁਲਸ ਇਹ ਵੀ ਦੱਸੇ ਕਿ ਉਸ ਨੇ ਹਮਲਾਵਰ ਨੂੰ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕ ਆ ਕੇ ਨੇੜਿਓਂ ਗੋਲੀ ਮਾਰਨ ਲਈ ਮੌਕਾ ਕਿਉ ਦਿੱਤਾ? ਉਹਨਾ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਸ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਸਕੀ ਸ। ਇਸ ਵੱਲੋਂ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹਮਲੇ ਦੇ ਨਾਲ-ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਸ ਹਿਰਾਸਤ ਵਿਚ ਇੰਟਰਵਿਊ ਦੇ ਮਾਮਲੇ ਵਿਚ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾ ਕਿਹਾ ਕਿ ਹੁਣ ਹਾਲਾਤ ਇਹ ਹੈ ਕਿ ਅੱਜ ਗੁਰੂ ਦੇ ਸਿੱਖ, ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਗੁਰੂ ਘਰ ਦੀ ਸੇਵਾ ਕਰ ਰਹੇ ਹਨ, ਨੂੰ ਇਹ ਸੇਵਾ ਕਰਨ ਨਹੀਂ ਦਿੱਤੀ ਜਾ ਰਹੀ। ਉਹਨਾ ਕਿਹਾ ਕਿ ਫਿਰ ਅਜਿਹੇ ਹਾਲਾਤ ’ਚ ਪੰਜਾਬੀ ਕਿਵੇਂ ਸੁਰੱਖਿਅਤ ਹੋਣਗੇ?
ਮਜੀਠੀਆ ਨੇ ਸਪੱਸ਼ਟ ਕੀਤਾ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਚ ਅਜਿਹਾ ਹਮਲਾ ਕਰਨ ਵਾਲੇ ਨੂੰ ਸਿੱਖ ਨਹੀਂ ਆਖਿਆ ਜਾ ਸਕਦਾ। ਅਜਿਹੇ ਵਿਅਕਤੀਆਂ ਨੂੰ ਮੁੜ ਸਿਰ ਚੁੱਕਣ ਦੀ ਆਗਿਆ ਦੇਣ ਨਾਲ ਸਾਡੇ ਸਰਹੱਦੀ ਸੂਬੇ ਲਈ ਖ਼ਤਰਨਾਕ ਹਾਲਾਤ ਸਾਬਤ ਹੋਣਗੇ।
ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਹਮਲੇ ਦੀ ਨਿੰਦਾ ਕਰਦਿਆਂ ਇਸ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਜੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਹਮਲਾਵਰ ਬੀਤੇ ਦਿਨ ਤੋਂ ਉੱਥੇ ਘੁੰਮ ਰਿਹਾ ਹੈ ਤਾਂ ਇਸ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ।