ਅੰਮਿ੍ਰਤਸਰ : ਮਜੀਠਾ ਥਾਣੇ ਅੰਦਰ ਬੁੱਧਵਾਰ ਰਾਤ ਹੋਏ ਧਮਾਕੇ ਦੀ ਖਬਰ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਫੈਲ ਗਈ। ਜਾਂਚ ਤੋਂ ਬਾਅਦ ਪੁਲਸ ਨੇ ਕਿਹਾ ਕਿ ਧਮਾਕਾ ਟਾਇਰ ਫਟਣ ਦਾ ਸੀ। ਡੀ ਐੱਸ ਪੀ ਜਸਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਮੁਲਾਜ਼ਮ ਆਪਣੇ ਮੋਟਰਸਾਈਕਲ ਦੇ ਟਾਇਰ ’ਚ ਹਵਾ ਭਰ ਰਿਹਾ ਸੀ ਅਤੇ ਟਾਇਰ ਫਟ ਗਿਆ। ਬਾਅਦ ’ਚ ਮੁਲਾਜ਼ਮ ਮੋਟਰਸਾਈਕਲ ਸਮੇਤ ਥਾਣੇ ਤੋਂ ਚਲੇ ਗਿਆ, ਜਿਸ ਕਾਰਨ ਭੰਬਲਭੂਸਾ ਪੈਦਾ ਹੋ ਗਿਆ। ਮੌਕੇ ’ਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਮੁਲਾਜ਼ਮ ਕੌਣ ਸੀ।
ਉਨ੍ਹਾ ਅੱਗੇ ਕਿਹਾ-ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਪੁੱਛਾਂਗੇ ਕਿ ਉਹ ਪੁਲਸ ਮੁਲਾਜ਼ਮ ਕੌਣ ਸੀ।
ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਵੱਡਾ ਬੰਬ ਧਮਾਕਾ ਹੋਇਆ। ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਧਮਾਕੇ ਦੀ ਜ਼ਿੰਮੇਵਾਰੀ ਲਏ ਜਾਣ ਤੋਂ ਬਾਅਦ ਇਸ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਪਾਈ ਗਈ ਪੋਸਟ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ‘ਐਕਸ’ ’ਤੇ ਸਾਂਝਾ ਕੀਤਾ ਹੈ। ਬੱਬਰ ਖਾਲਸਾ ਵੱਲੋਂ ਲਿਖਿਆ ਗਿਆ ਕਿ, ‘‘ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ, ਅੱਜ ਜੋ ਮਜੀਠੇ ਥਾਣੇ ਵਿੱਚ ਪੁਲਸ ਮੁਲਾਜ਼ਮਾਂ ਉੱਤੇ ਗ੍ਰਨੇਡ ਅਟੈਕ ਹੋਇਆ, ਉਸ ਦੀ ਜ਼ਿੰਮੇਵਾਰੀ ਹੈਪੀ ਪੱਸ਼ੀਆ, ਗੋਪੀ ਨਵਾਂਸ਼ਹਿਰੀਆ, ਜੀਵਨ ਫੌਜੀ ਲੈਂਦੇ ਹਾਂ। ਇਹ ਜੋ ਪਿਛਲੇ ਦਿਨਾਂ ਦੌਰਾਨ ਕਾਰਵਾਈਆਂ ਹੋਈਆਂ, ਉਨ੍ਹਾਂ ਦੀ ਹੀ ਕੜੀ ਹੈ, ਇਹ ਕਾਰਵਾਈਆਂ ਏਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ, ਸਗੋਂ ਇਸ ਤੋਂ ਵੀ ਵੱਡੀਆਂ ਕਾਰਵਾਈਆਂ ਕਰਕੇ ਪੰਜਾਬ ਪੁਲਸ ਨੂੰ ਤੇ ਮੌਜੂਦਾ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ, ਜੋ ਸਿੱਖਾਂ ਦੇ ਦੁਸ਼ਮਣ ਬਣ ਕੇ ਪੰਜਾਬ ਵਿੱਚ ਗੁੰਡਾ ਰਾਜ ਚਲਾ ਰਹੇ ਹਨ। ਜੰਗ ਜਾਰੀ ਹੈ।’’
ਮਜੀਠੀਆ ਨੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਲਿਖਿਆ ਕਿ ਪਹਿਲਾਂ ਕਹਿੰਦੇ ਸੀ ਸਿਲੰਡਰ ਫਟਿਆ, ਫਿਰ ਕਹਿੰਦੇ ਟਾਇਰ ਫਟਿਆ। ਇੰਡੋ-ਪਾਕਿ ਬਾਰਡਰ ਦੇ ਹਾਲਾਤ ਠੀਕ ਨਹੀਂ। ਪੁਲਸ ਕਵਰਅੱਪ ਆਪ੍ਰੇਸ਼ਨ ਕਰ ਰਹੀ ਹੈ।