ਨਵੀਂ ਦਿੱਲੀ : ਸਾਬਕਾ ਫੌਜੀ ਰਾਜੇਸ਼ ਕੁਮਾਰ (51), ਉਸ ਦੀ ਪਤਨੀ ਕੋਮਲ (46) ਅਤੇ ਬੇਟੀ ਕਵਿਤਾ (23), ਜਿਹੜੇ ਬੁੱਧਵਾਰ ਸਵੇਰੇ ਦਿਓਲੀ ਪਿੰਡ ’ਚ ਘਰ ਵਿੱਚ ਮਿ੍ਰਤਕ ਪਾਏ ਗਏ ਸਨ, ਦੇ ਸੰਬੰਧ ’ਚ ਪੁਲਸ ਨੇ 20 ਸਾਲਾ ਬੇਟੇ ਅਰਜੁਨ ਤੰਵਰ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਅਨੁਸਾਰ ਤੰਵਰ ਦੇ ਮਾਤਾ-ਪਿਤਾ ਨਾਲ ਚੰਗੇ ਸੰਬੰਧ ਨਹੀਂ ਸਨ ਅਤੇ ਉਹ ਇਸ ਗੱਲ ਤੋਂ ਦੁਖੀ ਸੀ ਕਿ ਮਾਪੇ ਉਸ ਦੀ ਭੈਣ ਨੂੰ ਜ਼ਿਆਦਾ ਪਸੰਦ ਕਰਦੇ ਸਨ। ਪੁਲਸ ਨੇ ਬੁੱਧਵਾਰ ਦੇਰ ਰਾਤ ਸੰਜੇ ਵਨ ਤੋਂ ਉਸ ਦੀ ਖੂਨ ਨਾਲ ਲੱਥਪੱਥ ਕਮੀਜ਼ ਅਤੇ ਫੌਜੀ ਚਾਕੂ ਬਰਾਮਦ ਕੀਤਾ, ਜਿਸ ਦੀ ਵਰਤੋਂ ਉਸ ਨੇ ਕਤਲਾਂ ਲਈ ਕੀਤੀ ਸੀ। ਤੰਵਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਸੁੱਤੀ ਪਈ ਭੈਣ ਦਾ ਗਲਾ ਵੱਢਿਆ। ਫਿਰ ਉਹ ਉੱਪਰ ਗਿਆ, ਜਿੱਥੇ ਪਿਤਾ ਦੀ ਗਰਦਨ ’ਚ ਚਾਕੂ ਮਾਰਿਆ ਅਤੇ ਫਿਰ ਮਾਂ ਦਾ ਗਲਾ ਵੱਢ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਤੰਵਰ ਨੇ ਖੂਨ ਨਾਲ ਲੱਥਪੱਥ ਕੱਪੜੇ ਜਿੰਮ ਬੈਗ ’ਚ ਪਾ ਕੇ ਸੰਜੇ ਵਨ ’ਚ ਚਾਕੂ ਸਮੇਤ ਸੁੱਟੇ। ਘਰ ਵਾਪਸ ਆਉਣ ਤੋਂ ਬਾਅਦ ਉਸ ਨੇ ਵਾਸ਼ਰੂਮ ਅਤੇ ਘਰ ਦੇ ਹੋਰ ਸਮਾਨ ’ਚ ਖੂਨ ਦੇ ਦਾਗ ਸਾਫ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤੰਵਰ ਨੇ ਝੂਠੀ ਕਹਾਣੀ ਦੱਸੀ ਕਿ ਕਤਲਾਂ ਵੇਲੇ ਉਹ ਜਿੰਮ ਵਿੱਚ ਸੀ। ਤੰਵਰ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ’ਚ ਰਾਜਨੀਤੀ ਸ਼ਾਸਤਰ ਵਿੱਚ ਡਿਗਰੀ ਕਰ ਰਿਹਾ ਸੀ ਅਤੇ ਟਰੇਂਡ ਮੁੱਕੇਬਾਜ਼ ਹੈ। ਉਸ ਨੇ ਬਾਕਸਿੰਗ ਈਵੈਂਟ ’ਚ ਦਿੱਲੀ ਦੀ ਨੁਮਾਇੰਦਗੀ ਕੀਤੀ ਸੀ ਤੇ ਚਾਂਦੀ ਦਾ ਤਮਗਾ ਜਿੱਤਿਆ ਸੀ।