ਵੈਨਕੂਵਰ : ਕੈਨੇਡੀਅਨ ਸੂਬੇ ਓਂਟਾਰੀਓ ’ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ ਦੀ ਕੁਈਨਜ਼ ਰੋਡ ਸਥਿਤ ਕਿਰਾਏ ਦੇ ਘਰ ’ਚ ਨਾਲ ਰਹਿੰਦੇ ਵਿਅਕਤੀ ਨੇ ਮਾਮੂਲੀ ਤਕਰਾਰ ਦੌਰਾਨ ਬੀਤੇ ਦਿਨ ਲੁਧਿਆਣਾ ਦੇ ਗੁਰਅਸੀਸ ਸਿੰਘ (22) ਦੀ ਹੱਤਿਆ ਕਰ ਦਿੱਤੀ, ਬੀ ਟੈੱਕ ਕਰਕੇ ਉਚੇਰੀ ਪੜ੍ਹਾਈ ਲਈ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਪਹੁੰਚਾ ਸੀ। ਸਾਰਨੀਆ ਪੁਲਸ ਨੇ ਦੱਸਿਆ ਕਿ 35 ਸਾਲਾ ਹਤਿਆਰੇ ਕਰੌਸਲੀ ਹੰਟਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ ਉਸ ’ਤੇ ਦੂਜਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਪੁਲਸ ਨੇ ਕਤਲ ਦਾ ਸਪੱਸ਼ਟ ਕਾਰਨ ਤਾਂ ਜ਼ਾਹਰ ਨਹੀਂ ਕੀਤਾ, ਪਰ ਲਾਏ ਗਏ ਦੋਸ਼ ਸਾਬਤ ਕਰਦੇ ਹਨ ਕਿ ਕਤਲ ਮਿੱਥ ਕੇ ਨਹੀਂ ਕੀਤਾ ਗਿਆ ਤੇ ਇਹ ਦੋਹਾਂ ਵਿਚਾਲੇ ਕਿਸੇ ਕਾਰਨ ਹੋਈ ਤਕਰਾਰ ਦਾ ਨਤੀਜਾ ਹੋ ਸਕਦਾ ਹੈ। ਗਵਾਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਨੂੰ ਕਈ ਵਾਰ ਇਕੱਠੇ ਜਾਂਦਿਆਂ ਵੇਖਿਆ ਸੀ। ਦੋਹਾਂ ਨੂੰ ਆਪਸ ਵਿਚ ਦੋਸਤ ਸਮਝਣ ਵਾਲੇ ਗਵਾਂਢੀ ਕਤਲ ਬਾਰੇ ਸੁਣ ਕੇ ਹੈਰਾਨ ਰਹਿ ਗਏ।
ਗੁਰਅਸੀਸ ਲੈਂਬਟਨ ਕਾਲਜ ਦਾ ਵਿਦਿਆਰਥੀ ਸੀ। ਉਸ ਦੇ ਪਰਵਾਰ ਨੂੰ ਪੁੱਤਰ ਦੀ ਮੌਤ ਦਾ ਪਤਾ ਪੁਲਸ ਵਲੋਂ ਕੀਤੇ ਗਏ ਫੋਨ ਤੋਂ ਲੱਗਾ। ਗੁਰਅਸੀਸ ਦੇ ਸਰੀਰ ’ਤੇ ਕਈ ਡੂੰਘੇ ਜ਼ਖਮ ਸਨ, ਜੋ ਕਿਸੇ ਤਿੱਖੇ ਹਥਿਆਰ ਦੇ ਹੋ ਸਕਦੇ ਹਨ। ਪੁਲਸ ਡਾਕਟਰੀ ਰਿਪੋਰਟ ਤੋਂ ਬਾਅਦ ਹੋਰ ਦੋਸ਼ ਵੀ ਆਇਦ ਕਰ ਸਕਦੀ ਹੈ।


