6 ਦਸੰਬਰ 1992 ਨੂੰ ਜਨੂੰਨੀ ਭੀੜ ਨੇ ਅਯੁੱਧਿਆ ਵਿਚ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੱਧਕਾਲੀਨ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ, ਜਿਸ ਬਾਰੇ ਉਸ ਦਾ ਮੰਨਣਾ ਸੀ ਕਿ ਇਹ ਮਸਜਿਦ ਸ੍ਰੀਰਾਮ ਦੇ ਮੰਦਰ ਨੂੰ ਤੋੜ ਕੇ ਬਣਾਈ ਗਈ ਸੀ। ਬਾਅਦ ਵਿੱਚ ਸੁਪਰੀਮ ਕੋਰਟ ਨੇ ਵੀ ਉੱਥੇ ਰਾਮ ਮੰਦਰ ਦੀ ਉਸਾਰੀ ਦਾ ਫੈਸਲਾ ਸੁਣਾਇਆ, ਹਾਲਾਂਕਿ ਉਸ ਨੇ ਮੰਨਿਆ ਕਿ ਅਜਿਹੇ ਕੋਈ ਇਤਿਹਾਸਕ ਤੇ ਪੁਰਾਤੱਤਵੀ ਸਬੂਤ ਨਹੀਂ ਮਿਲੇ, ਜਿਹੜੇ ਸਾਬਤ ਕਰਦੇ ਹੋਣ ਕਿ ਕਿਸੇ ਮੰਦਰ ਨੂੰ ਤੋੜ ਕੇ ਮਸਜਿਦ ਬਣਾਈ ਗਈ ਸੀ। ਸੁਪਰੀਮ ਕੋਰਟ ਦੇ ਫੈਸਲੇ ਦਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧੂਰੇ ਰਾਮ ਮੰਦਰ ਦਾ ਉਦਘਾਟਨ ਕਰ ਦਿੱਤਾ, ਹਾਲਾਂਕਿ ਪੈ ਗਿਆ ਘਾਟਾ। ਯੂ ਪੀ ਵਿਚ ਸੀਟਾਂ ਘਟਣ ਕਾਰਨ ਭਾਜਪਾ ਇਕੱਲੀ ਬਹੁਮਤ ਹਾਸਲ ਨਹੀਂ ਕਰ ਸਕੀ। ਇੱਥੋਂ ਤਕ ਕਿ ਭਾਜਪਾ ਅਯੁੱਧਿਆ ਦੀ ਸੀਟ ਵੀ ਹਾਰ ਗਈ। ਚੋਣਾਂ ਵਿੱਚ ਹਿੰਦੂਤਵ ਤੇ ਰਾਮ ਮੰਦਰ ਦੇ ਮੁੱਦੇ ਨਾਲੋਂ ਬੇਰੁਜ਼ਗਾਰੀ ਤੇ ਜਾਤੀ ਜਨਗਣਨਾ ਵਰਗੇ ਮੁੱਦੇ ਭਾਰੂ ਹੋ ਗਏ। ਇਸ ਤੋਂ ਬਾਅਦ ਬੁੱਧੀਜੀਵੀਆਂ ਦੇ ਇੱਕ ਵਰਗ ’ਚ ਅਜਿਹੀ ਸੋਚ ਉੱਭਰੀ ਕਿ ਭਾਜਪਾ ਹੁਣ ਸ਼ਾਇਦ ਇਨ੍ਹਾਂ ਮੁੱਦਿਆਂ ਤੋਂ ਕਿਨਾਰਾ ਕਰ ਲਵੇਗੀ। ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਇੱਕ ਬਿਆਨ ਵੀ ਦਿੱਤਾ ਸੀ ਕਿ ਹਰ ਮੰਦਰ ਵਿੱਚ ਸ਼ਿਵਲਿੰਗ ਲੱਭਣ ਤੇ ਹਰ ਦਿਨ ਨਵਾਂ ਵਿਵਾਦ ਸ਼ੁਰੂ ਕਰਨ ਦੀ ਹੁਣ ਲੋੜ ਨਹੀਂ। ਅਸੀਂ ਇਤਿਹਾਸ ਨੂੰ ਬਦਲ ਨਹੀਂ ਸਕਦੇ, ਉਹ ਇਤਿਹਾਸ ਅਸੀਂ ਨਹੀਂ ਬਣਾਇਆ, ਨਾ ਹੀ ਅੱਜ ਦੇ ਹਿੰਦੂਆਂ ਜਾਂ ਮੁਸਲਮਾਨਾਂ ਨੇ। ਪਰ ਸੁਪਰੀਮ ਕੋਰਟ ਦੇ ਵੇਲੇ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਵੱਲੋਂ ਮਸਜਿਦ ਦੇ ਸਰਵੇਖਣ ਨੂੰ ਚੈਲੰਜ ਕਰਦੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਕਹਿਣਾ ਕਿ 1951 ਦਾ 15 ਅਗਸਤ 1947 ਤੋਂ ਪਹਿਲਾਂ ਦੀ ਧਰਮ ਸਥਾਨਾਂ ਦੀ ਸਥਿਤੀ ਨਾ ਬਦਲਣ ਦਾ ਕਾਨੂੰਨ ਕਿਸੇ ਧਾਰਮਕ ਸਥਾਨ ਦੇ ਪੁਰਾਤੱਤਵੀ ਸਰਵੇਖਣ ਤੋਂ ਨਹੀਂ ਰੋਕਦਾ, ਨੇ ਭਾਜਪਾ ਨੂੰ ਹਿੰਦੂਤਵ ਦੀ ਸਿਆਸਤ ਵੱਲ ਫਿਰ ਜ਼ੋਰ-ਸ਼ੋਰ ਨਾਲ ਪਰਤਣ ਦਾ ਮੌਕਾ ਪ੍ਰਦਾਨ ਕਰ ਦਿੱਤਾ ਹੈ। ਹਰਿਆਣਾ ਤੇ ਮਹਾਰਾਸ਼ਟਰ ਦੀਆਂ ਚੋਣਾਂ ਵਿੱਚ ਇਸ ਦੀ ਸਫਲਤਾ ਪਿੱਛੇ ਯੋਗੀ ਆਦਿੱਤਿਆਨਾਥ ਦਾ ‘ਬਟੇਂਗੇ ਤੋਂ ਕਟੇਂਗੇ’ ਦਾ ਨਾਅਰਾ ਕਾਫੀ ਮਦਦਗਾਰ ਸਾਬਤ ਹੋਇਆ।
ਭਾਜਪਾ ਦੀ ਹਿੰਦੂਤਵ ਦੀ ਸਿਆਸਤ ਦੀ ਸਫਲਤਾ ਪਿੱਛੇ ਹਿੰਦੂ ਸਮਾਜ ਦਾ ਇਹ ਮਨੋਵਿਗਿਆਨ ਕੰਮ ਕਰਦਾ ਹੈ ਕਿ ਮੁਸਲਮਾਨਾਂ ਨੇ ਇਸ ਦੇਸ਼ ’ਤੇ ਹਮਲਾ ਕੀਤਾ, ਲੋਕਾਂ ਨੂੰ ਮੁਸਲਮਾਨ ਬਣਾਇਆ ਤੇ ਹਿੰਦੂਆਂ ਦੇ ਪੂਜਾ ਸਥਾਨਾਂ ਨੂੰ ਤਬਾਹ ਕੀਤਾ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੁਸਲਮਾਨ ਹੁਕਮਰਾਨਾਂ ਨੇ ਮੰਦਰਾਂ ਨੂੰ ਤੋੜਿਆ ਸੀ। ਉੱਘੇ ਇਤਿਹਾਸਕਾਰ ਇਰਫਾਨ ਹਬੀਬ ਮੁਤਾਬਕ ਮੱਧਕਾਲ ਵਿੱਚ ਬਹੁਤ ਸਾਰੇ ਹਿੰਦੂ ਮੰਦਰਾਂ ਨੂੰ ਤੋੜਿਆ ਗਿਆ ਪਰ ਅਧੁਨਿਕ ਸਮੇਂ ਵਿਚ ਅਸੀਂ ਨਾ ਅਤੀਤ ਨੂੰ ਬਦਲ ਸਕਦੇ ਹਾਂ ਤੇ ਨਾ ਇਤਿਹਾਸ ਨੂੰ। ਅਸਲ ਵਿੱਚ ਭਾਜਪਾ ਦਾ ਸਾਰਾ ਬਿਰਤਾਂਤ ਧਾਰਮਕ ਨਾ ਹੋ ਕੇ ਸ਼ੁੱਧ ਸਿਆਸੀ ਹੈ। ਆਰ ਐੱਸ ਐੱਸ ਜਿਹੜਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ, ਉਹ ਅਸਲ ਵਿੱਚ ਇੱਕ ਬ੍ਰਾਹਮਣ ਰਾਸ਼ਟਰ ਹੀ ਹੋਵੇਗਾ। ਪਰ ਉਸ ਨੇ ਦਲਿਤਾਂ, ਪਛੜਿਆਂ ਤੇ ਆਦਿਵਾਸੀਆਂ ਨੂੰ ਆਪਣੇ ਨਾਲ ਜੋੜ ਕੇ ਇਸ ਬਾਰੇ ਤਕੜਾ ਭਰਮ ਪੈਦਾ ਕਰ ਦਿੱਤਾ ਹੈ। ਬਦਕਿਸਮਤੀ ਦੀ ਗੱਲ ਹੈ ਕਿ ਕਾਂਗਰਸ ਤੇ ਕਈ ਬੁੱਧੀਜੀਵੀਆਂ ਨੂੰ ਲਗਦਾ ਹੈ ਕਿ ਭਾਜਪਾ ਤੇ ਸੰਘ ਪਰਵਾਰ ਦੀ ਕੱਟੜ ਹਿੰਦੂ ਫਾਸ਼ੀਵਾਦੀ ਸਿਆਸਤ ਦਾ ਮੁਕਾਬਲਾ ਉਦਾਰਵਾਦੀ ਹਿੰਦੂਤਵ ਦੀ ਸਿਆਸਤ ਨਾਲ ਕੀਤਾ ਜਾ ਸਕਦਾ ਹੈ। ਅਸਲ ਵਿੱਚ ਇਸ ਨੀਤੀ ਨੇ ਭਾਜਪਾ ਨੂੰ ਹੀ ਹੋਰ ਮਜ਼ਬੂਤ ਕੀਤਾ ਹੈ। ਭਾਜਪਾ ਦਾ ਮੁਕਾਬਲਾ ਸੱਚੀ ਧਰਮ ਨਿਰਪੱਖਤਾ ਦੀ ਨੀਤੀ ਲਾਗੂ ਕਰਨ ਦੇ ਸੰਘਰਸ਼ ਨਾਲ ਹੀ ਕੀਤਾ ਜਾ ਸਕਦਾ ਹੈ। ਬਾਬਰੀ ਮਸਜਿਦ ਦੀ ਮਿਸਮਾਰੀ ਦਾ ਇਹੀ ਸਬਕ ਹੈ।



