ਪੰਜਾਬ ਨੂੰ ਗੁੰਡਾਗਰਦੀ ਨਹੀਂ, ਰੁਜ਼ਗਾਰ ਚਾਹੀਦਾ : ਬੰਤ ਬਰਾੜ

0
102

ਤਰਨ ਤਾਰਨ : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕੌਂਸਲ ਤਰਨ ਤਾਰਨ ਦੇ ਸਕੱਤਰ ਦਵਿੰਦਰ ਸੋਹਲ ਨੇ ਦੱਸਿਆ ਕਿ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਬਲਕਾਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਸਥਾਨਕ ਕਾਮਰੇਡ ਗੜਗੱਜ ਭਵਨ ਵਿੱਚ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਪ੍ਰਬੰਧ ਥੱਲੇ ਪੰਚਾਇਤ ਚੋਣਾਂ ਵਿੱਚ ਰੱਜ ਕੇ ਗੁੰਡਾਗਰਦੀ ਹੋਈ ਹੈ।ਧੱਕੇ ਨਾਲ ਇੱਕਤਰਫ਼ਾ ਪੰਚਾਇਤਾਂ ਬਣਾਈਆਂ ਗਈਆਂ ਹਨ। ਦੂਜੇ ਪਾਸੇ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਨੌਜਵਾਨ ਗ਼ਲਤ ਰਸਤੇ ’ਤੇ ਜਾ ਕੇ ਸਮਾਜ ਵਿਰੋਧੀ ਤੱਤਾਂ ਦੇ ਹੱਥਠੋਕਾ ਬਣ ਰਹੇ ਹਨ। ਇਸ ਕਰਕੇ ਸਮੇਂ ਦੀ ਲੋੜ ਹੈ ਕਿ ਹਰ ਨੌਜਵਾਨ ਮੁੰਡੇ-ਕੁੜੀ ਨੂੰ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ। ਉਹਨਾ ਕਿਹਾ ਕਿ ਪਾਰਟੀ ਦੀ ਨੈਸ਼ਨਲ ਕਾਂਗਰਸ ਸਤੰਬਰ 2025 ਨੂੰ ਪੰਜਾਬ ਵਿੱਚ ਹੋਣ ਜਾ ਰਹੀ ਹੈ, ਜਿਸ ਨੂੰ ਸ਼ਾਨ ਨਾਲ ਕੀਤਾ ਜਾਵੇਗਾ।ਪਾਰਟੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਨੇ ਕਿਹਾ ਕਿ ਬਾਬਾ ਸੋਹਣ ਸਿੰਘ ਭਕਨਾ ਭਾਰਤੀ ਕਮਿਊਨਿਸਟ ਪਾਰਟੀ ਦੀ ਵਿਰਾਸਤ ਹਨ। ਉਹਨਾ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਚਾਰ ਜਨਵਰੀ ਨੂੰ ਪੂਰੀ ਸ਼ਾਨ ਨਾਲ ਭਕਨਾ ਵਿਖੇ ਮਨਾਇਆ ਜਾਵੇਗਾ। ਅੱਜ ਫਿਰ ਕਾਰਪੋਰੇਟ ਘਰਾਣਿਆਂ ਦੇ ਜਾਲ਼ ਵਿੱਚ ਮਜ਼ਦੂਰਾਂ, ਕਿਸਾਨਾਂ ਨੂੰ ਫਸਾਇਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਫਿਰਕਾਪ੍ਰਸਤੀ ਨੂੰ ਵਰਤ ਕੇ ਬਿਨਾਂ ਵਜ੍ਹਾ ਹਿੰਦੂ, ਮੁਸਲਮਾਨ, ਸਿੱਖ ਮਸਲੇ ਉਭਾਰ ਕੇ ਰਾਜ ਕਰ ਰਹੀ ਹੈ। ਹਕੀਕਤ ਵਿੱਚ ਇਹ ਅਡਾਨੀ-ਅੰਬਾਨੀ ਦੀ ਸੇਵਾ ਕਰ ਰਹੀ ਹੈ।ਇਸ ਮੌਕੇ ਫੈਸਲਾ ਕੀਤਾ ਗਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਮਿਹਨਤਕਸ਼ ਲੋਕਾਂ ਦੇ ਮਸਲਿਆਂ ਲਈ ਸੰਘਰਸ਼ ਜਾਰੀ ਰੱਖੇਗੀ।ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਦਿਨ ਮੌਕੇ ਮਜ਼ਦੂਰਾਂ, ਕਿਸਾਨਾਂ ਦੇ ਸੂਬਾਈ ਆਗੂ ਭਕਨਾ ਵਿਖੇ ਪਹੁੰਚਣਗੇ।