ਸਰਹਾਲੀ : ਸੀ ਪੀ ਆਈ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਬਾਨੀ ਪ੍ਰਧਾਨ ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਸਾਹਿਬ ਦੀ ਸਾਲਾਨਾ ਬਰਸੀ ’ਤੇ ਗੁਰਦੁਆਰਾ ਤਪ ਸਥਾਨ ਦਦੇਹਰ ਸਾਹਿਬ ਵਿਖੇ ਤਿੰਨ ਰੋਜ਼ਾ ਲਗਦੇ ਮੇਲੇ ਦੇ ਆਖਰੀ ਦਿਨ 6 ਦਸੰਬਰ ਨੂੰ ਸਿਆਸੀ ਕਾਨਫਰੰਸ ਅਤੇ ਸੱਭਿਆਚਾਰਕ ਸਮਾਗਮ ਕਾਮਰੇਡ ਨੇਕ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸਮਾਗਮ ਤੋਂ ਇੱਕ ਦਿਨ ਪਹਿਲਾਂ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਦੀਵਾਨ ਸਜਾਏ ਗਏ। ਮੇਲੇ ਤੋਂ ਇਲਾਵਾ ਗਦਰੀ ਬਾਬਿਆਂ ਦੀ ਯਾਦ ਵਿਚ ਪਿੰਡ ਵਾਸੀਆਂ ਵੱਲੋਂ ਉਸਾਰੇ ਗਏ ਦੋਵਾਂ ਗੁਰਦੁਆਰਿਆਂ ਵਿੱਚ ਲੰਗਰ ਸਦਾ ਹੀ ਚਲਦਾ ਰਹਿੰਦਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਸੰਤ ਵਿਸਾਖਾ ਸਿੰਘ , ਬਿਸ਼ਨ ਸਿੰਘ ਪਹਿਲਵਾਨ, ਬਾਬਾ ਹਜ਼ਾਰਾ ਸਿੰਘ, ਬਿਸ਼ਨ ਸਿੰਘ ਮੱਦੋਕੇ, ਬਾਬਾ ਵਿਸਾਖਾ ਸਿੰਘ ਦੂਜਾ ਅਤੇ ਸ਼ਹੀਦ ਸਾਧੂ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਅਧੂਰਾ ਨਿੱਘ ਮਾਣ ਰਹੇ ਹਾਂ। ਉਹ ਇਸ ਲਈ ਕਿ ਅੰਗਰੇਜ਼ਾਂ ਦੇ ਰਾਜ ਸਮੇਂ ਅਸੀਂ ਸਰਕਾਰ ਦੀਆਂ ਨਾਕਾਮੀਆਂ ਜੱਗ-ਜ਼ਾਹਰ ਨਹੀਂ ਸੀ ਕਰ ਸਕਦੇ, ਜੇ ਕਰਦੇ ਸਾਂ ਤਾਂ ਸਾਨੂੰ ਹਕੂਮਤ ਦੇ ਤਸੀਹੇ ਝੱਲਣੇ ਪੈਂਦੇ ਸਨ। ਅਧੂਰਾ ਇਸ ਲਈ ਕਿ ਅਸੀਂ ਆਰਥਕ ਤੌਰ ’ਤੇ ਪੂਰਨ ਆਜ਼ਾਦ ਨਹੀਂ ਹੋਏ, ਕਿਉਕਿ ਸਾਡੇ ਦੇਸ਼ ਵਿੱਚ ਭੁੱਖਮਰੀ, ਗਰੀਬੀ ਤੇ ਬੇਰੁਜ਼ਗਾਰੀ ਦੁਨੀਆ ਭਰ ਦੇ ਮੁਲਕਾਂ ਨਾਲੋਂ ਕਿਤੇ ਵਧੇਰੇ ਹੈ। ਕਿਸਾਨ, ਜਿਹੜਾ ਅਨਾਜ ਪੈਦਾ ਕਰ ਕੇ ਦਿੰਦਾ ਹੈ, ਉਹ ਸੜਕਾਂ ’ਤੇ ਬੈਠਾ ਫ਼ਸਲਾਂ ਦੇ ਵਾਜਬ ਰੇਟ ਅਤੇ ਸਰਕਾਰੀ ਖਰੀਦ ਦੀ ਮੰਗ ਕਰ ਰਿਹਾ ਹੈ। ਕਿਸਾਨਾਂ ਦੇ ਸੰਘਰਸ਼ ਵਿੱਚ ਅਨੇਕਾਂ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ, ਪਰ ਕੇਂਦਰ ਤੇ ਸੂਬਾਈ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਅੱਜ ਦੇ ਇਕੱਠ ਦੀ ਪੁਰਜ਼ੋਰ ਮੰਗ ਹੈ ਕਿ ਹਰੇਕ ਫਸਲ ਦੀ ਸਰਕਾਰੀ ਖਰੀਦ ਤੇ ਵਾਜਬ ਰੇਟ ਹੋਵੇ। ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ, ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਤੇ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਮੌਜੂਦਾ ਹਕੂਮਤ ਅਧੀਨ ਇਕੱਲਾ ਕਿਸਾਨ ਹੀ ਦੁਖੀ ਨਹੀਂ, ਕਿਸਾਨਾਂ ਤੋਂ ਕਿਤੇ ਵਧੇਰੇ ਖੇਤ ਮਜ਼ਦੂਰ ਦੁਖੀ ਹਨ, ਜਿਨ੍ਹਾਂ ਦੇ ਘਰਾਂ ਵਿੱਚ ਤਿੰਨ ਵਕਤ ਰੋਟੀ ਨਹੀਂ ਪੱਕਦੀ। ਨਵੀਂ ਮਸ਼ੀਨ ਦਾ ਵਿਰੋਧ ਤਾਂ ਨਹੀਂ ਕੀਤਾ ਜਾ ਸਕਦਾ, ਪਰ ਮਸ਼ੀਨ ਆਉਣ ਤੋਂ ਪਹਿਲਾਂ ਜਿਹੜੇ ਮਜ਼ਦੂਰ ਕਿਸਾਨੀ ਕਾਰਜ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰਾਂ ਰੁਜ਼ਗਾਰ ਦੇ ਪ੍ਰਬੰਧ ਕਰਨ ਵਿੱਚ ਨਾਕਾਮ ਹਨ। ਕਮਿਊਨਿਸਟਾਂ ਨੇ ਕੇਂਦਰ ਸਰਕਾਰ ’ਤੇ ਜ਼ੋਰ ਪਾ ਕੇ ਨਰੇਗਾ ਕਾਨੂੰਨ ਬਨਵਾਇਆ ਸੀ, ਇਸ ਕਾਨੂੰਨ ਅਧੀਨ ਕੰਮ ਮੰਗਣ ਵਾਲੇ ਕਿਰਤੀ ਨੂੰ ਸਾਲ ਵਿੱਚ 100 ਦਿਨ ਕੰਮ ਅਤੇ 300 ਰੁਪਏ ਦਿਹਾੜੀ ਮਿਲਦੀ ਹੈ, ਪਰ ਇਸ ਵਾਰ ਕੇਂਦਰ ਦੀ ਹਕੂਮਤ ਨੇ ਨਰੇਗਾ ਦਾ ਬਜਟ ਬਹੁਤ ਘਟਾ ਦਿੱਤਾ ਹੈ। ਨਰੇਗਾ ਕੰਮ ਜਿਹੜਾ ਚਲਦਾ ਹੈ, ਉਹ ਵੀ ਪਾਰਦਰਸ਼ੀ ਢੰਗ ਨਾਲ ਨਹੀਂ ਚੱਲ ਰਿਹਾ। ਉਸ ਵਿੱਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋ ਰਹੀ ਹੈ। ਕਾਨੂੰਨ ਇਹ ਕਹਿੰਦਾ ਹੈ ਕਿ ਕੰਮ ਮੰਗਣ ਵਾਲਾ ਕਿਰਤੀ ਬਲਾਕ ਅਫਸਰ ਤੋਂ ਸਿੱਧਾ ਕੰਮ ਵੀ ਮੰਗ ਸਕਦਾ ਹੈ, ਪਰ ਪੰਜਾਬ ਸਰਕਾਰ ਅਧੀਨ ਕੰਮ ਕਰਦੇ ਏ ਡੀ ਸੀ ਵਿਕਾਸ ਦੇ ਨਾਵਾਂ ਹੇਠ ਸਾਰੇ ਪੰਜਾਬ ਵਿੱਚ ਸਰਕਾਰੀ ਹੁਕਮ ਭੇਜ ਦਿੱਤੇ ਗਏ ਹਨ ਕਿ ਸਰਪੰਚਾਂ ਦੀ ਮਨਜ਼ੂਰੀ ਤੋਂ ਬਗੈਰ ਕੰਮ ਨਾ ਦਿੱਤਾ ਜਾਵੇ। ਸਰਪੰਚ ਤਾਂ ਪੱਖਪਾਤ ਕਰਦੇ ਹਨ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਫੌਰੀ ਤੌਰ ’ਤੇ ਇਹ ਹੁਕਮ ਵਾਪਸ ਲਵੇ, ਨਹੀਂ ਤਾਂ ਸੀ ਪੀ ਆਈ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵੇਗੀ। ਆਗੂਆਂ ਨਰੇਗਾ ਕੰਮ ਸਾਲ ਵਿੱਚ ਘੱਟ ਤੋਂ ਘੱਟ 200 ਦਿਨ ਅਤੇ ਦਿਹਾੜੀ 1000 ਰੁਪਏ ਦਿੱਤੇ ਜਾਣ ਦੀ ਮੰਗ ਕੀਤੀ। ਸੱਭਿਆਚਾਰਕ ਸਮਾਗਮ ਰੁਜ਼ਗਾਰ ਪ੍ਰਾਪਤੀ ਮੁਹਿੰਮ ਤੇ ਇਪਟਾ ਦੀ ਮੋਗਾ ਟੀਮ ਵੱਲੋਂ ਪੇਸ਼ ਕੀਤਾ ਗਿਆ। ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਦਦੇਹਰ ਸਾਹਿਬ ਪਿੰਡ ਦੇ ਪੰਚਾਇਤ ਮੈਂਬਰ ਸੇਵਾ ਸਿੰਘ, ਕੁਲਦੀਪ ਸਿੰਘ ਸੈਕਟਰੀ, ਰਵਿੰਦਰ ਕੌਰ ਖਡੂਰ ਸਾਹਿਬ, ਰਛਪਾਲ ਸਿੰਘ, ਜੈਮਲ ਸਿੰਘ ਬਾਠ, ਪਿਸ਼ੌਰਾ ਸਿੰਘ ਸਾਬਕਾ ਸਰਪੰਚ, ਚੇਅਰਮੈਨ ਸਵਰਨ ਸਿੰਘ, ਸੁਰਿੰਦਰ ਸਿੰਘ ਸਰਪੰਚ, ਗਿਆਨ ਸਿੰਘ ਸ਼ਾਹਬਾਜ਼ਪੁਰ, ਲੇਖ ਸਿੰਘ ਤੇ ਵਰਿਆਮ ਸਿੰਘ ਆਦਿ ਸ਼ਾਮਲ ਸਨ।





