ਨਿੱਕੇ ਭਰਾ ਨੇ ਸ਼ੰਭੂ ਦਾ ਬੰਨਾ ਨਹੀਂ ਟੱਪਣ ਦਿੱਤਾ

0
172

ਸ਼ੰਭੂ : ਫਸਲਾਂ ਦੇ ਘੱਟੋ-ਘੱਟ ਇਮਦਾਦੀ ਭਾਅ ਦੀ ਕਾਨੂੰਨੀ ਗਰੰਟੀ ਤੇ ਹੋਰ ਮਸਲੇ ਹੱਲ ਕਰਵਾਉਣ ਲਈ ਸ਼ੁੱਕਰਵਾਰ ਦਿੱਲੀ ਵੱਲ ਚਾਲੇ ਪਾਉਣ ਵਾਲੇ ਕਿਸਾਨਾਂ ਨੂੰ ਹਰਿਆਣਾ ਪੁਲਸ ਤੇ ਸੁਰੱਖਿਆ ਬਲਾਂ ਨੇ ਰੋਕ ਲਿਆੈ। ਪੁਲਸ ਨੇ ਕਿਸਾਨਾਂ ਨੂੰ ਅੱਗੇ ਵਧਣੋਂ ਰੋਕਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ, ਪਰ ਕਿਸਾਨ ਅੜੇ ਰਹੇ ਤਾਂ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਅੱਗੇ ਨਹੀਂ ਵਧਣ ਦਿੱਤਾ।
ਇਕ ਕਿਸਾਨ ਪੁਲਸ ਵੱਲੋਂ ਬਣਾਏ ਵੱਡੇ ਸ਼ੈੱਡ ਉਤੇ ਚੜ੍ਹ ਗਿਆ। ਦੂਜੇ ਪਾਸੇ ਹਰਿਆਣਾ ਪੁਲਸ ਨੇ ਪੰਜਾਬ ਵਾਲੇ ਪਾਸੇ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਵਾਰ-ਵਾਰ ਪਿੱਛੇ ਜਾਣ ਲਈ ਕਿਹਾ। ਪੁਲਸ ਨੇ ਏਨੇ ਸਖਤ ਪ੍ਰਬੰਧ ਕੀਤੇ ਹੋਏ ਹਨ ਕਿ ਕਿਸਾਨ ਹਰਿਆਣਾ ਵਿਚ ਦਾਖਲ ਨਾ ਹੋ ਸਕਣ। ਇਸ ਦੌਰਾਨ ਪੁਲਸ ਵੱਲੋਂ ਕਿਸਾਨਾਂ ਦੀਆਂ ਅੱਖਾਂ ਵਿਚ ਸਪਰੇਅ ਵੀ ਕੀਤਾ ਗਿਆ, ਪਰ ਕਿਸਾਨ ਇਸ ਸਪਰੇਅ ਤੋਂ ਬਚਣ ਲਈ ਅੱਖਾਂ ਵਿਚ ਦਵਾਈ ਪਾਉਦੇ ਰਹੇ। ਪੁਲਸ ਐਕਸ਼ਨ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ। ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਤੇ ਕਿਸਾਨਾਂ ਨੇ ਬੈਰੀਕੇਡਿੰਗ ਦੀ ਪਹਿਲੀ ਪਰਤ ਵਜੋਂ ਲੱਗੀਆਂ ਤਾਰਾਂ ਪੁੱਟ ਕੇ ਘੱਗਰ ’ਚ ਸੁੱਟ ਦਿੱਤੀਆਂ।
ਹਰਿਆਣਾ ਪੁਲਸ ਦੀ ਸਖਤੀ ਤੋਂ ਬਾਅਦ ਕਿਸਾਨ-ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਦਿੱਲੀ ਜਾ ਰਹੇ ਇਕੋਤਰ ਸੌ ਕਿਸਾਨਾਂ ਨੂੰ ਵਾਪਸ ਮੋੜ ਲਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੁਝ ਕਿਸਾਨਾਂ ਦੇ ਜ਼ਖਮੀ ਹੋਣ ਦੇ ਮੱਦੇਨਜ਼ਰ ਉਨ੍ਹਾ ਅੱਜ ਲਈ ਆਪਣਾ ‘ਜਥਾ’ ਵਾਪਸ ਬੁਲਾ ਲਿਆ ਹੈ, ਪਰ ਕਿਸਾਨਾਂ ਦਾ ਅਗਲਾ ਜਥਾ 8 ਦਸੰਬਰ ਨੂੰ ਦਿੱਲੀ ਰਵਾਨਾ ਹੋਵੇਗਾ। ਦਿੱਲੀ ਕੂਚ ਦਾ ਪ੍ਰੋਗਰਾਮ ਹਾਲੇ ਵੀ ਸਟੈਂਡ ਕਰਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜ਼ਖਮੀ ਕਿਸਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। 14 ਕਿਸਾਨ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਸੁਰਜੀਤ ਸਿੰਘ ਫੂਲ, ਜਗਦੀਸ਼ ਸਿੰਘ, ਬੁੱਧ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਗੁਬਿੰਦਰ ਸਿੰਘ, ਅਜਮੇਰ ਸਿੰਘ, ਜਸਵੰਤ ਸਿੰਘ, ਜਤਿੰਦਰ ਸਿੰਘ, ਬਲਬੀਰ ਸਿੰਘ, ਸਵਰਨ ਸਿੰਘ ਤੇ ਅਵਤਾਰ ਸਿੰਘ ਸ਼ਾਮਲ ਹਨ। ਅੰਬਾਲਾ ਜ਼ਿਲ੍ਹੇ ਵਿਚ ਧਾਰਾ 163 (ਪੁਰਾਣੀ 144) ਲਾਗੂ ਹੈ। ਪੁਲਸ ਨੇ ਵੱਡੀ ਗਿਣਤੀ ਵਿੱਚ ਪੁਲਸ ਵਾਹਨ ਅਤੇ ਰੋਡਵੇਜ਼ ਦੀਆਂ ਬੱਸਾਂ ਬਾਰਡਰ ’ਤੇ ਖੜ੍ਹੀਆਂ ਕੀਤੀਆਂ ਹੋਈਆਂ ਹਨ। ਹਰਿਆਣਾ ਸਰਕਾਰ ਨੇ ਅੰਬਾਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਮੋਬਾਇਲ ਇੰਟਰਨੈਟ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਛੇ ਤੋਂ ਨੌਂ ਦਸੰਬਰ ਤੱਕ ਜਾਰੀ ਰਹੇਗੀ ਤੇ ਇਸ ਦੌਰਾਨ ਇਕੱਠੇ ਮੈਸੇਜ ਵੀ ਨਹੀਂ ਭੇਜੇ ਜਾ ਸਕਣਗੇ। ਕਿਸਾਨਾਂ ਵੱਲੋਂ 10 ਮਹੀਨਿਆਂ ਦੇ ਬਾਅਦ ਹਰਿਆਣਾ ਵਾਲੇ ਪਾਸੇ ਦਾਖਲ ਹੋਣ ਦੀ ਇਹ ਤੀਜੀ ਕੋਸ਼ਿਸ਼ ਕੀਤੀ ਗਈ। ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਧਰਨਾ 13 ਫਰਵਰੀ ਨੂੰ ਸ਼ੁਰੂ ਹੋਇਆ ਸੀ।