ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਰਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਅਸੰਬਲੀ ਚੋਣਾਂ ਅਤੇ ਹੋਰਨੀਂ ਥਾਈਂ ਹੋਈਆਂ ਜ਼ਿਮਨੀ ਚੋਣਾਂ ’ਚ ‘ਇੰਡੀਆ’ ਬਲਾਕ ਦੇ ਖਰਾਬ ਪ੍ਰਦਰਸ਼ਨ ’ਤੇ ਨਾਰਾਜ਼ਗੀ ਜਤਾਈ ਹੈ ਤੇ ਕਿਹਾ ਹੈਮੈਂ ਇੰਡੀਆ ਬਲਾਕ ਬਣਾਇਆ, ਇਸ ਦੀ ਅਗਵਾਈ ਕਰਨ ਵਾਲੇ ਇਸ ਨੂੰ ਠੀਕ ਤਰ੍ਹਾਂ ਨਹੀਂ ਚਲਾ ਸਕਦੇ ਤਾਂ ਮੈਨੂੰ ਮੌਕਾ ਦੇਣ। ਮੈਂ ਬੰਗਾਲ ਤੋਂ ਹੀ ਗੱਠਜੋੜ ਦੀ ਅਗਵਾਈ ਕਰਨ ਲਈ ਤਿਆਰ ਹਾਂ।
ਮਮਤਾ ਬੈਨਰਜੀ ਦੇ ਇਸ ਬਿਆਨ ਦਾ ਸ਼ਿਵ ਸੈਨਾ (ਯੂ ਬੀ ਟੀ) ਦੇ ਸਾਂਸਦ ਸੰਜੇ ਰਾਊਤ ਤੇ ਸਮਾਜਵਾਦੀ ਪਾਰਟੀ ਦੇ ਆਗੂ ਉਦੈਵੀਰ ਸਿੰਘ ਨੇ ਹਮਾਇਤ ਕੀਤੀ ਹੈ। ਰਾਊਤ ਨੇ ਸ਼ਨੀਵਾਰ ਕਿਹਾਅਸੀਂ ਵੀ ਚਾਹੁੰਦੇ ਹਾਂ ਕਿ ਉਹ ਇੰਡੀਆ ਬਲਾਕ ਦੀ ਪ੍ਰਮੁੱਖ ਭਾਈਵਾਲ ਬਣੇ। ਚਾਹੇ ਉਹ ਮਮਤਾ ਬੈਨਰਜੀ ਹੋਵੇ, ਅਰਵਿੰਦ ਕੇਜਰੀਵਾਲ ਜਾਂ ਸ਼ਿਵ ਸੈਨਾ, ਅਸੀਂ ਸਭ ਇਕੱਠੇ ਹਾਂ। ਅਸੀਂ ਛੇਤੀ ਹੀ ਕੋਲਕਾਤਾ ਵਿੱਚ ਮਮਤਾ ਬੈਨਰਜੀ ਨਾਲ ਗੱਲ ਕਰਾਂਗੇ।
ਉਦੈਵੀਰ ਸਿੰਘ ਨੇ ਕਿਹਾਲੋਕ ਸਭਾ ਚੋਣਾਂ ਵਿਚ ਯੂ ਪੀ ’ਚ ਸਪਾ ਨੇ 80 ਵਿੱਚੋਂ 37 ਸੀਟਾਂ ਜਿੱਤੀਆਂ। ਪੱਛਮੀ ਬੰਗਾਲ ਵਿੱਚ ਤਿ੍ਰਣਮੂਲ ਕਾਂਗਰਸ ਨੇ 42 ਵਿੱਚੋਂ 29 ਸੀਟਾਂ ਜਿੱਤੀਆਂ। ਭਾਜਪਾ ਨੂੰ ਇਨ੍ਹਾਂ ਦੋ ਰਾਜਾਂ ਵਿੱਚ 35 ਸੀਟਾਂ ਦਾ ਨੁਕਸਾਨ ਹੋਇਆ। ਸਾਰੀਆਂ ਪਾਰਟੀਆਂ ਸਹਿਮਤ ਹੋਣ ਤਾਂ ਸਪਾ ਮਮਤਾ ਦੀ ਹਮਾਇਤ ਕਰੇਗੀ।
ਭਾਜਪਾ ਨੇ ਮਮਤਾ ਦੇ ਬਿਆਨ ’ਤੇ ਕਿਹਾ ਹੈਆਪੋਜ਼ੀਸ਼ਨ ਆਗੂਆਂ ਨੂੰ ਰਾਹੁਲ ਤੇ ਪਿ੍ਰਅੰਕਾ ਦੀ ਅਗਵਾਈ ਵਿੱਚ ਭਰੋਸਾ ਨਹੀਂ। ਉਹ ਅਜੇ ਵੀ ਰਾਹੁਲ ਨੂੰ ਸਿਆਸਤ ਦਾ ਕੱਚਾ ਖਿਡਾਰੀ ਸਮਝਦੇ ਹਨ। ਆਪੋਜ਼ੀਸ਼ਨ ਵਿੱਚ ਕਈ ਲੋਕ ਹਨ, ਜਿਹੜੇ ਰਾਹੁਲ ਨੂੰ ਸਿਆਸੀ ਤੌਰ ’ਤੇ ਨਾਕਾਮ ਸਮਝਦੇ ਹਨ।
ਮਮਤਾ ਬੈਨਰਜੀ ਨੇ ਇੰਡੀਆ ਬਲਾਕ ਦੀ ਅਗਵਾਈ ਸੰਭਾਲਣ ਦੀ ਗੱਲ ਟੀ ਵੀ ਚੈਨਲ-18 ਬੰਗਲਾ ਨਾਲ ਇੰਟਰਵਿਊ ਵਿੱਚ ਕਹੀ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਮਦਦ ਲੈਣ ਦੇ ਸਵਾਲ ’ਤੇ ਮਮਤਾ ਨੇ ਕਿਹਾਕੁਝ ਰਣਨੀਤੀਕਾਰ ਘਰ ਬੈਠੇ ਸਰਵੇ ਕਰਦੇ ਹਨ ਅਤੇ ਬਾਅਦ ਵਿੱਚ ਸਰਵੇ ਨੂੰ ਬਦਲ ਦਿੰਦੇ ਹਨ। ਉਹ ਚੀਜ਼ਾਂ ਦੀ ਪਲਾਨਿੰਗ ਕਰ ਸਕਦੇ ਹਨ, ਉਨ੍ਹਾਂ ਨੂੰ ਟਿਕਾਅ ਸਕਦੇ ਹਨ, ਪਰ ਵੋਟਰਾਂ ਨੂੰ ਬੂਥ ’ਤੇ ਨਹੀਂ ਲਿਆ ਸਕਦੇ। ਸਿਰਫ ਬੂਥ ਵਰਕਰ ਹੀ ਪਿੰਡਾਂ ਤੇ ਲੋਕਾਂ ਨੂੰ ਜਾਣਦੇ ਹਨ, ਉਹੀ ਚੋਣ ਜਿਤਾਉਦੇ ਹਨ। ਚੋਣ ਰਣਨੀਤੀਕਾਰ ਸਿਰਫ ਆਰਟਿਸਟ ਹਨ, ਜਿਹੜੇ ਪੈਸੇ ਲੈ ਕੇ ਕੰਮ ਕਰਦੇ ਹਨ, ਪਰ ਉਨ੍ਹਾਂ ਦੇ ਜ਼ਰੀਏ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ।
ਤਿ੍ਰਣਮੂਲ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਨੌਜਵਾਨ ਕਾਰਕੁਨਾਂ ਵਿਚਾਲੇ ਚੱਲ ਰਹੀ ਅੰਦਰੂਨੀ ਕਸ਼ਮਕਸ਼ ਵਿਚਕਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਸ ਦੇ ਉੱਤਰਾਧਿਕਾਰੀ ਬਾਰੇ ਕੋਈ ਵੀ ਫੈਸਲਾ ਪਾਰਟੀ ਲੀਡਰਸ਼ਿਪ ਵੱਲੋਂ ਨਿੱਜੀ ਤੌਰ ’ਤੇ ਨਹੀਂ, ਸਗੋਂ ਸਮੂਹਕ ਤੌਰ ’ਤੇ ਲਿਆ ਜਾਵੇਗਾ।
ਇੰਟਰਵਿਊ ’ਚ ਬੈਨਰਜੀ ਨੇ ਵਿਅਕਤੀਗਤ ਦਬਦਬੇ ਦੀਆਂ ਧਾਰਨਾਵਾਂ ਨੂੰ ਖਾਰਜ ਕਰਦੇ ਹੋਏ ਕਿਹਾਮੈਂ ਪਾਰਟੀ ਨਹੀਂ ਹਾਂ, ਅਸੀਂ ਪਾਰਟੀ ਹਾਂ। ਇਹ ਇੱਕ ਸਮੂਹਕ ਪਰਵਾਰ ਹੈ ਅਤੇ ਫੈਸਲੇ ਸਮੂਹਕ ਤੌਰ ’ਤੇ ਕੀਤੇ ਜਾਣਗੇ।
ਆਪਣੇ ਸੰਭਾਵੀ ਉੱਤਰਾਧਿਕਾਰੀ ਬਾਰੇ ਪੁੱਛੇ ਜਾਣ ’ਤੇ ਬੈਨਰਜੀ ਨੇ ਕਿਹਾ ਕਿ ਪਾਰਟੀ ਫੈਸਲਾ ਕਰੇਗੀ ਕਿ ਲੋਕਾਂ ਲਈ ਸਭ ਤੋਂ ਵਧੀਆ ਕੀ ਹੈ। ਪੁਰਾਣੇ ਬਨਾਮ ਨਵੇਂ ਬਾਰੇ ਬਹਿਸ ’ਤੇ ਬੈਨਰਜੀ ਨੇ ਕਿਹਾ ਕਿ ਹਰ ਕੋਈ ਮਹੱਤਵਪੂਰਨ ਹੈ। ਅੱਜ ਦਾ ਨਵਾਂ ਆਉਣ ਵਾਲਾ ਕੱਲ੍ਹ ਦਾ ਅਨੁਭਵੀ ਹੋਵੇਗਾ। ਜਿੱਥੇ ਪੁਰਾਣੇ ਆਗੂ ਮਮਤਾ ਬੈਨਰਜੀ ਦੇ ਵਫਾਦਾਰ ਮੰਨੇ ਜਾਂਦੇ ਹਨ, ਉਥੇ ਹੀ ਨਵੀਂ ਪੀੜ੍ਹੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਨਜ਼ਦੀਕੀ ਮੰਨੀ ਜਾਂਦੀ ਹੈ।


