ਬੈਰੂਤ : ਸੀਰੀਆ ਦੇ ਬਾਗੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਨਿੱਚਰਵਾਰ ਦੱਖਣੀ ਸ਼ਹਿਰ ਦਾਰਾ ’ਤੇ ਕਬਜ਼ਾ ਕਰ ਲਿਆ, ਜੋ ਮੁਲਕ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਵਿਰੁੱਧ 2011 ਦੇ ਵਿਦਰੋਹ ਦਾ ਜਨਮ ਸਥਾਨ ਹੈ। ਇਸ ਦੇ ਨਾਲ ਹੀ ਫੌਜ ਨੇ ਇੱਕ ਹਫਤੇ ’ਚ ਦੇਸ਼ ਦਾ ਚੌਥਾ ਸ਼ਹਿਰ ਗੁਆ ਲਿਆ ਹੈ। ਬਾਗੀਆਂ ਦੇ ਸੂਤਰਾਂ ਨੇ ਕਿਹਾ ਕਿ ਫੌਜ ਨੇ ਇਕ ਸਮਝੌਤੇ ਤਹਿਤ ਦਾਰਾ ਤੋਂ ਪੜਾਅਵਾਰ ਵਾਪਸੀ ਲਈ ਸਹਿਮਤੀ ਦਿੱਤੀ ਹੈ, ਜਿਸ ਰਾਹੀਂ ਫੌਜ ਦੇ ਅਧਿਕਾਰੀਆਂ ਨੂੰ ਕਰੀਬ 100 ਕਿਲੋਮੀਟਰ (60 ਮੀਲ) ਉੱਤਰ ਵਿੱਚ ਰਾਜਧਾਨੀ ਦਮਿਸ਼ਕ ਵੱਲ ਜਾਣ ਲਈ ਸੁਰੱਖਿਅਤ ਲਾਂਘਾ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ ਵੀਡੀਓਜ਼ ’ਚ ਮੋਟਰਸਾਈਕਲਾਂ ’ਤੇ ਬਾਗੀਆਂ ਅਤੇ ਹੋਰ ਲੋਕਾਂ ਨੂੰ ਸੜਕਾਂ ’ਤੇ ਆਮ ਲੋਕਾਂ ਨੂੰ ਮਿਲਦੇ ਹੋਏ ਦਿਖਾਇਆ ਗਿਆ ਹੈ। ਲੋਕਾਂ ਨੇ ਜਸ਼ਨ ’ਚ ਸ਼ਹਿਰ ਦੇ ਮੁੱਖ ਚੌਕ ’ਚ ਹਵਾ ’ਚ ਗੋਲੀਆਂ ਚਲਾਈਆਂ। ਦਾਰਾ ਸ਼ਹਿਰ ਦੀ ਆਬਾਦੀ 13 ਸਾਲ ਪਹਿਲਾਂ ਮੁਲਕ ਵਿੱਚ ਖਾਨਾਜੰਗੀ ਸ਼ੁਰੂ ਹੋਣ ਤੋਂ ਪਹਿਲਾਂ 1,00,000 ਤੋਂ ਵੱਧ ਸੀ, ਜਿਹੜਾ ਬਗਾਵਤ ਦੇ ਮੁੱਖ ਕੇਂਦਰ ਵਜੋਂ ਪ੍ਰਤੀਕਾਤਮਕ ਮਹੱਤਵ ਰੱਖਦਾ ਹੈ। ਇਹ ਜਾਰਡਨ ਦੀ ਸਰਹੱਦ ਨਾਲ ਲੱਗਦੇ ਕਰੀਬ 10 ਲੱਖ ਆਬਾਦੀ ਵਾਲੇ ਇਸੇ ਨਾਂਅ ਵਾਲੇ ਸੂਬੇ ਦੀ ਰਾਜਧਾਨੀ ਹੈ।
ਅਲੇਪੋ ਤੇ ਹਮਾ ਵਰਗੇ ਵੱਡੇ ਸ਼ਹਿਰਾਂ ’ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੇ ਬਾਗੀਆਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਹ ਕੇਂਦਰੀ ਸ਼ਹਿਰ ਹੋਮਸ ਦੀਆਂ ਬਰੂਹਾਂ ਵੱਲ ਵਧ ਗਏ ਹਨ, ਜੋ ਰਾਜਧਾਨੀ ਅਤੇ ਭੂਮੱਧ ਸਾਗਰ ਦੇ ਸਾਹਿਲ ਦੇ ਵਿਚਕਾਰ ਇੱਕ ਮੁੱਖ ਚੌਰਾਹਾ ਹੈ। ਜੇ ਬਾਗੀਆਂ ਦਾ ਹੋਮਸ ’ਤੇ ਕਬਜ਼ਾ ਹੋ ਜਾਂਦਾ ਹੈ ਤਾਂ ਅਸਦ ਦੇ ਘੱਟ ਗਿਣਤੀ ‘ਅਲਾਵੀ’ ਭਾਈਚਾਰੇ, ਜਿਨ੍ਹਾਂ ਨੂੰ ‘ਨਸੀਰੀ ’ ਵੀ ਕਿਹਾ ਜਾਂਦਾ ਹੈ, ਦੇ ਸਾਹਿਲ ਉਤੇ ਪੈਂਦੇ ਮੁੱਖ ਗੜ੍ਹ ਦਾ ਰੂਸੀ ਸਮੁੰਦਰੀ ਫੌਜੀ ਅੱਡੇ ਅਤੇ ਹਵਾਈ ਅੱਡੇ ਨਾਲੋਂ ਸੰਪਰਕ ਕੱਟਿਆ ਜਾਵੇਗਾ। ਰੂਸ ਅਸਦ ਦਾ ਇਕ ਮੁੱਖ ਸਹਿਯੋਗੀ ਅਤੇ ਮਦਦਗਾਰ ਹੈ। ਬਾਗੀ ਧੜਿਆਂ ਦੇ ਇੱਕ ਗੱਠਜੋੜ ਨੇ ਹੋਮਸ ਵਿਚਲੇ ਅਸਦ ਹਕੂਮਤ ਦੇ ਵਫਾਦਾਰ ਫੌਜੀ ਦਸਤਿਆਂ ਨੂੰ ਫੌਰੀ ਸ਼ਹਿਰ ਛੱਡ ਕੇ ਚਲੇ ਜਾਣ ਲਈ ਆਖਰੀ ਚੇਤਾਵਨੀ ਦਿੱਤੀ ਹੈ। ਚਸ਼ਮਦੀਦਾਂ ਮੁਤਾਬਕ ਬਾਗੀਆਂ ਦੇ ਅੱਗੇ ਵਧਣ ਤੋਂ ਪਹਿਲਾਂ ਹੀ ਹਜ਼ਾਰਾਂ ਲੋਕ ਹੋਮਸ ਛੱਡ ਕੇ ਸਰਕਾਰ ਦੇ ਸਮੁੰਦਰ ਕੰਢੇ ਪੈਂਦੇ ਲਤਾਕੀਆ ਅਤੇ ਟਾਰਤਸ ਵਰਗੇ ਮੁੱਖ ਗੜ੍ਹਾਂ ਵੱਲ ਭੱਜ ਰਹੇ ਹਨ ਅਤੇ ਮੁਲਕ ਵਿਚ ਪੂਰੀ ਤਰ੍ਹਾਂ ਅਫਰਾਤਫਰੀ ਦਾ ਮਾਹੌਲ ਹੈ।



