ਸਮਰਾਲਾ (ਸੁਰਜੀਤ ਸਿੰਘ)
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 12ਵੇਂ ਦਿਨ ਵੀ ਰਿਹਾ ਜਾਰੀ। ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਤੇਜ਼ੀ ਨਾਲ ਵਿਗੜ ਰਹੀ ਹੈ। ਉਹਨਾ ਦੀ ਕਿਡਨੀ ਵਿੱਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਅਤੇ ਭਾਰ ਕਰੀਬ 8.5 ਕਿਲੋ ਘਟ ਗਿਆ ਹੈ, ਬਲੱਡ ਪ੍ਰੈਸ਼ਰ 152/103, ਪਲਸ 87, ਸ਼ੂਗਰ 99, ਤਾਪਮਾਨ 96.5 ਹੈ। ਕਿਸਾਨ ਆਗੂਆਂ ਕਿਹਾ ਕਿ ਜੇਕਰ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਵੇਗੀ। ਉਹਨਾਂ ਕਿਹਾ ਕਿ 9 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿੱਚ ਕਿਸਾਨ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਇੱਕ ਦਿਨ ਦਾ ਸੰਕੇਤਕ ਮਰਨ ਵਰਤ ਰੱਖਣਗੇ ਅਤੇ ਸੰਸਦ ਮੈਂਬਰਾਂ ਤੋਂ ਪੁੱਛਣਗੇ ਕਿ ਉਹ ਸੰਸਦ ਵਿੱਚ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਦਾ ਮੁੱਦਾ ਕਿਉ ਨਹੀਂ ਉਠਾ ਰਹੇ।



