10.9 C
Jalandhar
Friday, December 27, 2024
spot_img

ਚੁਣੇ ਪ੍ਰਧਾਨ ਸੁਖਬੀਰ ਕਬੂਲ ਹੋਣਗੇ : ਢੀਂਡਸਾ

ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਜੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹੋ ਕੇ ਨਵੇਂ ਸਿਰੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਕਿਉਂਕਿ ਮੁੱਢ ਤੋਂ ਹੀ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਤਾਂ ਉਹ ਹਮੇਸ਼ਾ ਤੋਂ ਹੀ ਸਰਵਪ੍ਰਵਾਨਤ ਪ੍ਰਧਾਨ ਹੁੰਦਾ ਹੈ, ਫਿਰ ਚਾਹੇ ਚੋਣ ਉਪਰੰਤ ਸੁਖਬੀਰ ਬਾਦਲ ਹੀ ਮੁੜ ਤੋਂ ਪ੍ਰਧਾਨ ਬਣਨ, ਅਸੀਂ ਸਾਰੇ ਪ੍ਰਵਾਨ ਕਰਾਂਗੇ। ਇਹ ਅਹਿਮ ਬਿਆਨ ਸ਼ਨੀਵਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਅਨੁਸਾਰ ਸੇਵਾ ਕਰਨ ਲਈ ਪਹੁੰਚੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ।
ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਨਾਤੇ ਢੀਂਡਸਾ ਦੇ ਬਿਆਨ ਨੇ ਇੱਕ ਵਾਰ ਫਿਰ ਤੋਂ ਪਾਰਟੀ ਦੀਆਂ ਸਿਆਸੀ ਸਫਾਂ ’ਚ ਗਰਮਾਹਟ ਲਿਆ ਦਿੱਤੀ ਹੈ। ਢੀਂਡਸਾ ਨੇ ਸਪੱਸ਼ਟ ਸ਼ਬਦਾਂ ’ਚ ਮੰਨਿਆ ਕਿ ਜੇ ਨਵੀਂ ਚੋਣ ਉਪਰੰਤ ਮੁੜ ਤੋਂ ਸੁਖਬੀਰ ਬਾਦਲ ਪ੍ਰਧਾਨ ਬਣਦੇ ਹਨ ਤਾਂ ਉਹ ਸਾਨੂੰ ਸਾਰਿਆਂ ਨੂੰ ਹੀ ਮਨਜ਼ੂਰ ਹੋਣਗੇ ਅਤੇ ਨਾਮਨਜ਼ੂਰ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਢੀਂਡਸਾ ਜਥੇਦਾਰ ਅਕਾਲ ਤਖਤ ਵੱਲੋਂ ਬਾਗ਼ੀਆਂ ਤੇ ਦਾਗ਼ੀਆਂ ਦੇ ਇਕੱਠੇ ਹੋਣ ਵਾਲੇ ਹੁਕਮ ਬਾਰੇ ਟਿੱਪਣੀ ਦੇ ਰਹੇ ਸਨ। ਇਸ ਮੌਕੇ ਉਨ੍ਹਾ ਦੇ ਨਾਲ ਜ਼ਿਲ੍ਹਾ ਰੂਪਨਗਰ ਦੇ ਅਕਾਲੀ ਆਗੂ ਭੁਪਿੰਦਰ ਸਿੰਘ ਬਜਰੂੜ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਸਵੇਰੇ 9 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਦੁਆਰ ਦੇ ਬਾਹਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਪਾ ਕੇ ਤੇ ਬਰਛਾ ਫੜ ਕੇ ਸੇਵਾ ਸ਼ੁਰੂ ਕੀਤੀ। ਇਸ ਉਪਰੰਤ ਗੁਰਦਵਾਰਾ ਸਾਹਿਬ ਜਾ ਕੇ ਕੀਰਤਨ ਵੀ ਸਰਵਣ ਕੀਤਾ। ਗੌਰਤਲਬ ਹੈ ਕਿ ਸਿਹਤ ਨਾਸਾਜ਼ ਹੋਣ ਦੇ ਚਲਦਿਆਂ ਢੀਂਡਸਾ ਵੱਲੋਂ ਬੀਤੇ ਦੋ ਦਿਨ ਸੇਵਾ ਨਹੀਂ ਕੀਤੀ ਗਈ ਅਤੇ ਇਸ ਸੰਬੰਧੀ ਉਨ੍ਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਣਕਾਰੀ ਦੇ ਦਿੱਤੀ ਸੀ।

Related Articles

Latest Articles