ਚੰਡੀਗੜ੍ਹ : ਪੰਜਾਬ ਸਰਕਾਰ ਨੇ ਐਤਵਾਰ ਆਈ ਪੀ ਐੱਸ ਅਧਿਕਾਰੀ ਜੇ ਐਲੇਨਚੇਜ਼ੀਅਨ ਨੂੰ ਵਿਜੀਲੈਂਸ ਬਿਊਰੋ ਪੰਜਾਬ ਦਾ ਡਾਇਰੈਕਟਰ ਕਰਕੇ ਉਨ੍ਹਾ ਦੀ ਜਗ੍ਹਾ ਜਗਦਲੇ ਨੀਲਾਂਬਰੀ ਵਿਜੈ ਨੂੰ ਕਾਊਂਟਰ ਇੰਟੈਲੀਜੈਂਸ ਪੰਜਾਬ, ਮੋਹਾਲੀ ਦਾ ਡੀ ਆਈ ਜੀ ਲਗਾ ਦਿੱਤਾ।
ਜ਼ਹਿਰਬਾਦ ਨਾਲ 4 ਜੀਆਂ ਦੀ ਮੌਤ
ਰਾਜੌਰੀ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਗੋਰਲਾ ਵਿੱਚ ਜ਼ਹਿਰਬਾਦ ਕਾਰਨ 40 ਸਾਲਾ ਵਿਅਕਤੀ ਅਤੇ ਉਸ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦਕਿ ਪਤਨੀ ਅਤੇ ਇਕ ਧੀ ਦਾ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਜ਼ਲ ਹੁਸੈਨ, ਉਸ ਦੀ ਪਤਨੀ ਸ਼ਮੀਮ ਅਖਤਰ (38) ਅਤੇ ਚਾਰ ਬੱਚਿਆਂ ਨੂੰ ਸ਼ਨਿੱਚਰਵਾਰ ਦੇਰ ਰਾਤ ਗੰਭੀਰ ਬਦਹਜ਼ਮੀ ਹੋਣ ਕਾਰਨ ਰਾਜੌਰੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਹੁਸੈਨ ਦੀ ਐਤਵਾਰ ਤੜਕੇ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਤੇ ਬੱਚਿਆਂ ਨੂੰ ਜੰਮੂ ਰੈਫਰ ਕੀਤਾ ਗਿਆ ਸੀ, ਜਿੱਥੇ ਤਿੰਨ ਬੱਚਿਆਂ ਦੀ ਵੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ 15 ਸਾਲਾ ਰਾਬੀਆ ਕੌਸਰ, 12 ਸਾਲਾ ਫਰਮਾਨਾ ਕੌਸਰ ਤੇ ਚਾਰ ਸਾਲਾ ਰਫਤਰ ਅਹਿਮਦ ਵਜੋਂ ਹੋਈ ਹੈ। ਸ਼ਮੀਮ ਅਖਤਰ ਤੇ ਦੂਜੀ ਧੀ 12 ਸਾਲਾ ਰੁਖਸਾਰ ਦਾ ਇਲਾਜ ਜਾਰੀ ਸੀ।
ਚੰਡੀਗੜ੍ਹ ’ਚ ਮੀਂਹ ਪਿਆ
ਨਵੀਂ ਦਿੱਲੀ : ਉੱਤਰੀ ਭਾਰਤ ਵਿੱਚ ਐਤਵਾਰ ਕਈ ਥਾਵਾਂ ’ਤੇ ਕਿਣਮਿਣ ਹੋਈ ਤੇ ਚੰਡੀਗੜ੍ਹ ਵਿਚ ਸ਼ਾਮ ਵੇਲੇ ਮੀਂਹ ਪਿਆ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਠੰਢ ਵਧਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਵੀ ਪੱਛਮੀ ਗੜਬੜੀ ਵਜੋਂ ਪੰਜਾਬ, ਹਰਿਆਣਾ ਅਤੇ ਦਿੱਲੀ-ਐੱਨ ਸੀ ਆਰ ਵਿੱਚ ਦੋ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 9 ਦਸੰਬਰ ਤੋਂ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੀਤ ਲਹਿਰ ਚੱਲੇਗੀ। ਹਿਮਾਚਲ ਦੇ ਉੱਤਲੇ ਖੇਤਰਾਂ ਵਿਚ ਬਰਫਬਾਰੀ ਹੋਣ ਦੀ ਵੀ ਸੰਭਾਵਨਾ ਹੈ।