ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਈ ਵੀ ਐੱਮ ਨਾਲ ਵੋਟਿੰਗ ਹੋਵੇਗੀ
ਚੰਡੀਗੜ੍ਹ : ਪੰਜਾਬ ’ਚ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ 21 ਦਸੰਬਰ ਨੂੰ ਪੈਣਗੀਆਂ। ਕੁਝ ਸੀਟਾਂ ਲਈ ਜ਼ਿਮਨੀ ਚੋਣ ਵੀ ਹੋਵੇਗੀ। ਸੂਬਾਈ ਚੋਣ ਕਮਿਸ਼ਨ ਨੇ ਐਤਵਾਰ ਇਹ ਐਲਾਨ ਕੀਤਾ। ਸੂਬੇ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ ਈ ਵੀ ਐੱਮ ਨਾਲ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਨਤੀਜੇ ਉਸੇ ਸ਼ਾਮ ਨੂੰ ਮਿਲ ਜਾਣਗੇ। ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਚਾਇਤ ਚੋਣਾਂ ਦੇ ਉਲਟ ਇਹ ਚੋਣਾਂ ਪਾਰਟੀ ਨਿਸ਼ਾਨ ’ਤੇ ਹੋਣਗੀਆਂ।
ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਗਵਾੜਾ ਨਗਰ ਨਿਗਮਾਂ ਲਈ ਵੋਟਾਂ ਪੈਣਗੀਆਂ। ਚੌਧਰੀ ਨੇ ਦੱਸਿਆ ਕਿ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋਵੇਗੀ ਅਤੇ ਆਖਰੀ ਤਰੀਕ 12 ਦਸੰਬਰ ਹੋਵੇਗੀ। 13 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। 14 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ। ਚੋਣ ਨਿਸ਼ਾਨ ਉਸੇ ਦਿਨ ਜਾਰੀ ਕੀਤੇ ਜਾਣਗੇ। ਇਨ੍ਹਾਂ ਚੋਣਾਂ ’ਚ 37.32 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ, ਜਿਨ੍ਹਾਂ ਵਿੱਚੋਂ 17.75 ਲੱਖ ਔਰਤਾਂ ਹਨ।
ਚੌਧਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਹ ਫੈਸਲਾ ਕਰਨ ਕਿ ਅਸਲ੍ਹਾ ਆਪਣੇ ਕੋਲ ਜਮ੍ਹਾਂ ਕਰਵਾਉਣਾ ਹੈ ਜਾਂ ਨਹੀਂ। ਇਹ ਫੈਸਲਾ ਉਹ ਆਪਣੇ ਪੱਧਰ ’ਤੇ ਲੈਣਗੇ। ਨਗਰ ਨਿਗਮ ’ਚ ਇਕ ਉਮੀਦਵਾਰ ਦੀ ਖਰਚ ਸਮਰੱਥਾ 4 ਲੱਖ ਰੁਪਏ ਹੋਵੇਗੀ। ਕੌਂਸਲ ਏ ਕਲਾਸ ਦੇ ਉਮੀਦਵਾਰ ਦੀ 3.60 ਲੱਖ ਰੁਪਏ, ਬੀ ਕਲਾਸ ਦੇ ਉਮੀਦਵਾਰ ਦੀ 2.30 ਲੱਖ ਰੁਪਏ ਤੇ ਕੌਂਸਲ ਸੀ ਕਲਾਸ ਦੇ ਉਮੀਦਵਾਰ ਦੀ ਖਰਚ ਸਮਰੱਥਾ 2 ਲੱਖ ਰੁਪਏ ਅਤੇ ਨਗਰ ਪੰਚਾਇਤ ਦੇ ਉਮੀਦਵਾਰ ਦੀ ਖਰਚ ਸਮਰੱਥਾ 1.40 ਲੱਖ ਰੁਪਏ ਹੋਵੇਗੀ। ਅਸੰਬਲੀ ਦੀਆਂ ਜ਼ਿਮਨੀ ਚੋਣਾਂ ਨਾ ਲੜਨ ਵਾਲਾ ਸ਼੍ਰੋਮਣੀ ਅਕਾਲੀ ਦਲ ਚੌਥੇ ਖਿਡਾਰੀ ਵਜੋਂ ਨਿਤਰੇਗਾ। ਆਮ ਆਦਮੀ ਪਾਰਟੀ ਨਵੇਂ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਲੜੇਗੀ। ਕਾਂਗਰਸ, ਜਿਹੜੀ ਸ਼ਹਿਰੀ ਵੋਟਰਾਂ ਤੋਂ ਤਾਕਤ ਹਾਸਲ ਕਰਦੀ ਹੈ, ਬਹੁਮਤ ਹਾਸਲ ਕਰਨ ਲਈ ਜ਼ੋਰ ਲਾਵੇਗੀ। ਭਾਜਪਾ ਨੂੰ ਵੀ ਸ਼ਹਿਰੀ ਵੋਟਰਾਂ ਤੋਂ ਹੀ ਤਾਕਤ ਮਿਲਦੀ ਹੈ।
ਚੋਣ ਕਮਿਸ਼ਨ ਨੇ ਗਿੱਦੜਬਾਹਾ ਦੇ ਜਿਨ੍ਹਾਂ 20 ਪਿੰਡਾਂ ’ਚ ਸਰਪੰਚੀ ਦੀਆਂ ਚੋਣਾਂ ਨੂੰ ਫਰਜ਼ੀਵਾੜੇ ਕਾਰਨ ਰੱਦ ਕਰ ਦਿੱਤਾ ਸੀ, ਉੱਥੇ 15 ਦਸੰਬਰ ਨੂੰ ਚੋਣਾਂ ਕਰਾਈਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।