ਦਿੱਲੀ ਦੀ 70 ਸੀਟਾਂ ਵਾਲੀ ਅੱਠਵੀਂ ਅਸੰਬਲੀ ਦੀ ਮਿਆਦ 15 ਫਰਵਰੀ ਨੂੰ ਮੁੱਕ ਰਹੀ ਹੈ ਤੇ ਉਸ ਤੋਂ ਪਹਿਲਾਂ ਚੋਣਾਂ ਕਿਸੇ ਵੀ ਸਮੇਂ ਹੋ ਸਕਦੀਆਂ ਹਨ। ਹੁਕਮਰਾਨ ਆਮ ਆਦਮੀ ਪਾਰਟੀ ਦੇ ਨਾਲ-ਨਾਲ ਭਾਜਪਾ ਤੇ ਕਾਂਗਰਸ ਹੁਣ ਤੋਂ ਹੀ ਸਰਗਰਮ ਹੋ ਚੁੱਕੀਆਂ ਹਨ। 2015 ਤੇ 2020 ਵਿੱਚ ਜਿੱਤ ਕੇ ‘ਆਪ’ ਲਗਾਤਾਰ ਦੋ ਵਾਰ ਸੱਤਾ ਵਿੱਚ ਆਈ ਸੀ। ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਜਾਣਾ ਪਿਆ। ਉਪ ਰਾਜਪਾਲ ਦੇ ਨਾਲ ਸੰਵਿਧਾਨਕ ਤੇ ਪ੍ਰਸ਼ਾਸਨਕ ਅਧਿਕਾਰਾਂ ਨੂੰ ਲੈ ਕੇ ਵੀ ‘ਆਪ’ ਦਾ ਨਿਰੰਤਰ ਟਕਰਾਅ ਚਲਦਾ ਆਇਆ ਹੈ। 2020 ਵਿੱਚ ‘ਆਪ’ ਨੇ 62 ਸੀਟਾਂ ਨਾਲ ਜ਼ਬਰਦਸਤ ਬਹੁਮਤ ਹਾਸਲ ਕੀਤਾ ਸੀ, ਜਦਕਿ ਭਾਜਪਾ ਨੂੰ 8 ਸੀਟਾਂ ਹੀ ਮਿਲੀਆਂ ਸਨ। ਕਾਂਗਰਸ ਇੱਕ ਸੀਟ ਵੀ ਨਹੀਂ ਸੀ ਜਿੱਤ ਸਕੀ। ਲੋਕ ਸਭਾ ਵਿੱਚ ਲੋੋੜੀਂਦਾ ਬਹੁਮਤ ਹਾਸਲ ਕਰਨ ’ਚ ਨਾਕਾਮ ਰਹਿਣ ਤੋਂ ਬਾਅਦ ਭਾਜਪਾ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਵੱਡੀਆਂ ਜਿੱਤਾਂ ਦਰਜ ਕਰਕੇ ਦਿੱਲੀ ਚੋਣਾਂ ਵਿੱਚ ਨਵੇਂ ਉਤਸ਼ਾਹ ਨਾਲ ਉਤਰੇਗੀ। ਕਾਂਗਰਸ ਵੀ ਆਪਣੀ ਗੁਆਚੀ ਸਿਆਸੀ ਜ਼ਮੀਨ ਨੂੰ ਹਾਸਲ ਕਰਨ ਵਿੱਚ ਲੱਗੀ ਹੋਈ ਹੈ। ‘ਆਪ’ ਨੇ ਰਵਾਇਤ ਮੁਤਾਬਕ ਨਵੰਬਰ ਵਿੱਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਕੇ ਲੀਡ ਲੈ ਲਈ ਹੈ। ਟਿਕਟ ਕੱਟਣ ਦੇ ਡਰ ਕਾਰਨ ਆਗੂਆਂ ਦਾ ਪਾਰਟੀਆਂ ਬਦਲਣ ਦਾ ਦੌਰ ਵੀ ਚੱਲਿਆ ਹੋਇਆ ਹੈ। ਚੋਣਾਂ ਦੇ ਮੁੱਦੇ ਤੈਅ ਹੋਣ ਲੱਗ ਪਏ ਹਨ। ‘ਆਪ’ ਨੇ ਚੋਣ ਕਮਿਸ਼ਨ ਤੇ ਭਾਜਪਾ ’ਤੇ ਵੋਟਰ ਲਿਸਟਾਂ ’ਚੋਂ ਵੋਟਰਾਂ ਦੇ ਨਾਂ ਕੱਟਣ ਦਾ ਗੰਭੀਰ ਦੋਸ਼ ਲਾਇਆ ਹੈ। ਭਾਜਪਾ ‘ਆਪ’ ਦੇ ਕਥਿਤ ਭਿ੍ਰਸ਼ਟਾਚਾਰ ਨੂੰ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ। ਉਸ ਨੇ ਨਵਾਂ ਨਾਅਰਾ ‘ਅਬ ਨਹੀਂ ਸਹੇਂਗੇ, ਬਦਲ ਕੇ ਰਹੇਂਗੇ’ ਚਲਾਇਆ ਹੈ। ਭਾਜਪਾ ਦੇ ਹਿੰਦੂਤਵ ਦੇ ਏਜੰਡੇ ਦੀ ਪਰਖ ਵੀ ਦਿੱਲੀ ਵਿੱਚ ਹੋਣੀ ਹੈ, ਜਿੱਥੇ ਉਹ ਵਾਰ-ਵਾਰ ਫਿਰਕੂ ਏਜੰਡਾ ਚਲਾਉਣ ਦੇ ਬਾਵਜੂਦ ਹਾਰਦੀ ਆ ਰਹੀ ਹੈ। ‘ਬਟੇਂਗੇ ਤੋ ਕਟੇਂਗੇ’ ਅਤੇ ‘ਏਕ ਹੈਂ ਤੋ ਸੇਫ ਹੈਂ’ ਦਿੱਲੀ ਚੋਣਾਂ ਵਿੱਚ ਕੀ ਗੁਲ ਖਿਲਾਉਦੇ ਹਨ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। 2020 ਵਿੱਚ ਵੀ ਭਾਜਪਾ ਨੇ ਹਿੰਦੂਤਵ ਤੇ ਰਾਸ਼ਟਰਵਾਦ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਛਾਲਿਆ ਸੀ ਪਰ ਉਸ ਦੀਆਂ ਸੀਟਾਂ ਤਿੰਨ ਤੋਂ ਅੱਠ ਤੱਕ ਹੀ ਪੁੱਜੀਆਂ ਸਨ। ਦਿੱਲੀ ’ਚ 12 ਸੀਟਾਂ ਅਨੁਸੂਚਿਤ ਜਾਤਾਂ ਲਈ ਰਿਜ਼ਰਵ ਹਨ। ਅਸੰਬਲੀ ਦਾ ਰਾਹ ਇਨ੍ਹਾਂ ਸੀਟਾਂ ’ਚੋਂ ਹੋ ਕੇ ਹੀ ਜਾਂਦਾ ਹੈ। ਪਹਿਲਾਂ ਅਨੁਸੂਚਿਤ ਜਾਤਾਂ ਦੀਆਂ ਵੋਟਾਂ ਕਾਂਗਰਸ ਨੂੰ ਹੀ ਪੈਂਦੀਆਂ ਸਨ ਪਰ ਆਮ ਆਦਮੀ ਪਾਰਟੀ ਦੇ ਉਭਾਰ ਨਾਲ ਇਨ੍ਹਾਂ ਦਾ ਝੁਕਾਅ ਕੇਜਰੀਵਾਲ ਵੱਲ ਹੋ ਗਿਆ। ‘ਆਪ’ ਨੇ 2013 ਵਿੱਚ 12 ਵਿੱਚੋਂ 9 ਅਤੇ 2015 ਤੇ 2020 ਵਿੱਚ 12 ਦੀਆਂ 12 ਸੀਟਾਂ ਜਿੱਤ ਲਈਆਂ ਸਨ। ਇਸ ਵਾਰ ਕੁਝ ਸੀਟਾਂ ਉਸ ਦੇ ਹੱਥੋਂ ਨਿਕਲਣ ਦੇ ਸੰਕੇਤ ਹਨ, ਕਿਉਕਿ ਦੇਸ਼ ਵਿੱਚ ਘੱਟ-ਗਿਣਤੀਆਂ ਤੇ ਅਨੁਸੂਚਿਤ ਜਾਤਾਂ ’ਤੇ ਹਮਲਿਆਂ ਖਿਲਾਫ ‘ਆਪ’ ਖੁੱਲ੍ਹ ਕੇ ਨਹੀਂ ਬੋਲੀ। ‘ਇੰਡੀਆ’ ਗੱਠਜੋੜ ਦੇ ਅੰਦਰ ਟਕਰਾਅ ਉੱਭਰਨ ਕਾਰਨ ਕਾਂਗਰਸ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਇੰਡੀਆ ਗੱਠਜੋੜ ਵਿੱਚ ਆਪਣੀ ਪੁਜ਼ੀਸ਼ਨ ਸੁਧਾਰਨ ਲਈ ਉਸ ਨੂੰ ਕੁਝ ਕਰਕੇ ਦਿਖਾਉਣਾ ਪੈਣਾ ਹੈ। ਦਿੱਲੀ ਯੂਨੀਵਰਸਿਟੀ ਚੋਣਾਂ ਵਿੱਚ ਜਿੱਤ ਨਾਲ ਕਾਂਗਰਸ ਦੀਆਂ ਉਮੀਦਾਂ ਕੁਝ ਵਧੀਆਂ ਲਗਦੀਆਂ ਹਨ। ਦਿੱਲੀ ਦੇ ਸਿਆਸੀ ਮਿਜ਼ਾਜ ਵਿੱਚ ਵੋਟਰਾਂ ਦਾ ਫਤਵਾ ਹਿੰਦੂਤਵ ਦੀ ਸਿਆਸਤ ਦੇ ਭਵਿੱਖ ਨੂੰ ਵੀ ਤੈਅ ਕਰੇਗਾ ਤੇ ਨਵੇਂ ਭਾਰਤ ਦੀ ਇਬਾਰਤ ਨੂੰ ਵੀ।