ਸੀਰੀਆ ’ਤੇ ਕੱਟੜਪੰਥੀ ਕਾਬਜ਼, ਰਾਸ਼ਟਰਪਤੀ ਅਸਦ ਨੇ ਦੇਸ਼ ਛੱਡਿਆ

0
120

ਬੇਰੂਤ : ਸੀਰੀਆ ਦੀ ਰਾਜਧਾਨੀ ਦਮਿਸ਼ਕ ’ਚ ਕੱਟੜਪੰਥੀਆਂ ਦੇ ਦਾਖਲ ਹੋਣ ਅਤੇ ਰਾਸ਼ਟਰਪਤੀ ਬਸ਼ਰ-ਅਲ ਅਸਦ ਦੇ ਦੇਸ਼ ਛੱਡ ਕੇ ਭੱਜਣ ਦੇ ਦਾਅਵਿਆਂ ਵਿਚਾਲੇ ਅਸਦ ਖਾਨਦਾਨ ਦੇ 50 ਸਾਲ ਦੇ ਸ਼ਾਸਨ ਦਾ ਐਤਵਾਰ ਅਖੀਰ ਅੰਤ ਹੋ ਗਿਆ।
ਸੀਰੀਆ ਵਿਰੋਧੀ ਜੰਗ ਨਿਗਰਾਨੀ ਸੰਸਥਾ ਦੇ ਮੁਖੀ ਨੇ ਦਾਅਵਾ ਕੀਤਾ ਕਿ ਅਸਦ ਦੇਸ਼ ਛੱਡ ਕੇ ਕਿਸੇ ਅਣਜਾਨ ਜਗ੍ਹਾ ’ਤੇ ਚਲਾ ਗਿਆ ਹੈ। ਉੱਧਰ ਸੀਰੀਆ ਦੇ ਪ੍ਰਧਾਨ ਮੰਤਰੀ ਮੁਹੰਮਦ ਗਾਜ਼ੀ ਅਲ ਜਲਾਲੀ ਨੇ ਇਕ ਵੀਡੀਓ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਸ਼ਾਸਨ ਦੀ ਵਾਗਡੋਰ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧੀ ਧਿਰ ਨੂੰ ਸੌਂਪਣ ਲਈ ਤਿਆਰ ਹਨ।
ਜਲਾਲੀ ਨੇ ਕਿਹਾਮੈਂ ਆਪਣੀ ਰਿਹਾਇਸ਼ ’ਤੇ ਹੀ ਹਾਂ ਅਤੇ ਕਿਧਰੇ ਨਹੀਂ ਗਿਆ ਹਾਂ, ਕਿਉਂਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ। ਉਸ ਨੇ ਕਿਹਾ ਕਿ ਉਹ ਸਵੇਰੇ ਕੰਮ ਕਰਨ ਲਈ ਆਪਣੇ ਦਫਤਰ ਜਾਵੇਗਾ। ਉਸ ਨੇ ਸੀਰੀਆ ਦੇ ਨਾਗਰਿਕਾਂ ਨੂੰ ਜਨਤਕ ਸੰਪਤੀ ਦਾ ਨੁਕਸਾਨ ਨਾ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਹਾਲਾਂਕਿ ਰਾਸ਼ਟਰਪਤੀ ਬਸ਼ਰ-ਅਲ ਅਸਦ ਦੇ ਦੇਸ਼ ਛੱਡ ਕੇ ਜਾਣ ਸੰਬੰਧੀ ਖਬਰਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਇਸ ਦੌਰਾਨ ਜੇਲ੍ਹ ’ਚ ਬੰਦ ਕੀਤੇ ਹੋਏ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੀਰੀਆ ਦੇ ਲੋਕ ਚੌਕਾਂ ’ਤੇ ਜਸ਼ਨ ਮਨਾਉਂਦੇ ਹੋਏ ਦੇਖੇ ਗਏ। ਕੁਝ ਇਲਾਕਿਆਂ ’ਚ ਜਸਨ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਰਾਮੀ ਅਬਦੁਰ ਰਹਿਮਾਨ ਨੇ ਦੱਸਿਆ ਕਿ ਅਸਦ ਨੇ ਐਤਵਾਰ ਤੜਕੇ ਦਮਿਸ਼ਕ ਤੋਂ ਉਡਾਣ ਭਰੀ। ਸੀਰੀਆ ਦੇ ਵਿਦਰੋਹੀਆਂ ਦੇ ਦਮਿਸ਼ਕ ’ਚ ਦਾਖਲ ਹੋਣ ਦੇ ਐਲਾਨ ਵਿਚਾਲੇ ਅਬਦੁਰ ਰਹਿਮਾਨ ਨੇ ਇਹ ਜਾਣਕਾਰੀ ਦਿੱਤੀ।
ਸੀਰੀਆ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਗੀਰ ਪੈਡਰਸਨ ਨੇ ਸੀਰੀਆ ’ਚ ਵਿਵਸਥਤ ਢੰਗ ਨਾਲ ਸਿਆਸੀ ਬਦਲਾਅ ਯਕੀਨੀ ਬਣਾਉਣ ਲਈ ਜਨੇਵਾ ’ਚ ਤੁਰੰਤ ਗੱਲਬਾਤ ਦੀ ਅਪੀਲ ਕੀਤੀ ਹੈ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੂੰ ਸੀਰੀਆ ’ਚ ਫੌਜੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ। ਉਨ੍ਹਾ ਸੋਸ਼ਲ ਮੀਡੀਆ ’ਤੇ ਪਾਈ ਇਕ ਪੋਸਟ ’ਚ ਕਿਹਾ ਕਿ ਇਹ ਅਮਰੀਕਾ ਦੀ ਲੜਾਈ ਨਹੀਂ ਹੈ।
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕੈਲੀਫੋਰਨੀਆ ’ਚ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਸੀਰੀਆ ਦੀ ਅੰਦਰੂਨੀ ਲੜਾਈ ’ਚ ਦਖਲ ਨਹੀਂ ਦੇਵੇਗਾ।