22.1 C
Jalandhar
Thursday, December 26, 2024
spot_img

ਧਾਲੀਵਾਲ ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਚੁਣੇ

ਮੋਦੀ ਸਰਕਾਰ ਨੂੰ ਅਡਾਨੀ-ਅੰਬਾਨੀ ਦਾ ਹੀ ਫਿਕਰ : ਬੰਤ ਬਰਾੜ
ਪਟਿਆਲਾ : ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਦਾ 28ਵਾਂ ਡੈਲੀਗੇਟ ਇਜਲਾਸ ਬੀਤੇ ਦਿਨ ਇੱਥੇ ਸੰਪੰਨ ਹੋਇਆ।ਇਜਲਾਸ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਥੇਬੰਦੀ ਦੀ ਕਾਨਫਰੰਸ ਹਰ ਤਿੰਨ ਸਾਲ ਬਾਅਦ ਕੀਤੀ ਜਾਂਦੀ ਹੈ, ਜਿਸ ਵਿੱਚ ਅਗਲੇ ਤਿੰਨ ਸਾਲਾਂ ਲਈ ਨਵੀਂ ਆਗੂ ਟੀਮ ਦੀ ਚੋਣ ਕੀਤੀ ਜਾਂਦੀ ਹੈ।ਇਸ 28ਵੀਂ ਕਾਨਫਰੰਸ ਵਿੱਚ ਪੀ.ਆਰ.ਟੀ.ਸੀ. ਦੇ ਵੱਖ-ਵੱਖ ਡਿਪੂਆਂ ਵਿੱਚੋਂ ਚੁਣ ਕੇ ਆਏ 252 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਪ੍ਰਭਾਤ ਪ੍ਰਵਾਨਾ ਟਰੇਡ ਯੂਨੀਅਨ ਯਾਦਗਾਰ ਸੈਂਟਰ ਵਿਖੇ ਸ਼ੁਰੂ ਹੋਈ ਕਾਨਫਰੰਸ ਦਾ ਉਦਘਾਟਨ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਨੇ ਕੀਤਾ।ਆਪਣੇ ਉਦਘਾਟਨੀ ਭਾਸ਼ਣ ਵਿੱਚ ਉਨ੍ਹਾ ਦੇਸ਼ ਅਤੇ ਦੁਨੀਆ ਦੇ ਹਾਲਾਤ ਦਾ ਭਰਪੂਰ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਤੀਜੀ ਵਾਰ ਹੋਂਦ ਵਿੱਚ ਆਈ ਮੋਦੀ ਸਰਕਾਰ ਆਰਥਿਕ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ।ਇਸ ਸਰਕਾਰ ਦਾ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਹੱਲ ਕਰਨ ਨਾਲ ਕੋਈ ਲੈਣਾ-ਦੇਣਾ ਨਹੀਂ।ਮੋਦੀ ਨੂੰ ਆਪਣੇ ਜੋਟੀਦਾਰ ਕਾਰਪੋਰੇਟ ਜੁੰਡਲੀ ਅਡਾਨੀ-ਅੰਬਾਨੀ ਦੇ ਕਾਰੋਬਾਰਾਂ ਅਤੇ ਉਹਨਾਂ ਦੀ ਧਨ ਦੌਲਤ ਵਿੱਚ ਬੇਸ਼ੁਮਾਰ ਵਾਧਾ ਕਰਨ ਤੋਂ ਬਿਨਾਂ ਹੋਰ ਕੋਈ ਚਿੰਤਾ ਨਹੀਂ ਜਾਪਦੀ।ਦੇਸ਼ ਦੇ ਸਭ ਵੱਡੇ-ਵੱਡੇ ਪ੍ਰੋਜੈਕਟ ਇਹਨਾਂ ਧਨਾਢਾਂ ਦੇ ਹਵਾਲੇ ਕਰ ਦਿੱਤੇ ਗਏ ਹਨ।ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਅਤੇ ਰੁਜ਼ਗਾਰ ਦੇ ਮੁੱਖ ਸੋਮੇ ਪਬਲਿਕ ਸੈਕਟਰ ਨੂੰ ਕਮਜ਼ੋਰ ਜਾਂ ਖਤਮ ਕਰਕੇ ਇਹਨਾਂ ਸਰਮਾਏਦਾਰਾਂ ਦੇ ਨਿੱਜੀ ਮੁਨਾਫਿਆਂ ਦੀ ਭੇਟ ਚੜ੍ਹਾ ਦਿੱਤਾ ਗਿਆ ਹੈ। ਦੇਸ਼ ਵਿੱਚ ਵਿਕਰਾਲ ਰੂਪ ਧਾਰ ਚੁੱਕੀ ਗਰੀਬੀ ਅਤੇ ਬੇਰੁਜ਼ਗਾਰੀ ਦੇ ਹੱਲ ਲਈ ਝੂਠੇ ਦਾਅਵਿਆਂ ਤੋਂ ਬਿਨਾਂ ਅਮਲ ਵਿੱਚ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਸਿਹਤ ਸੇਵਾਵਾਂ ਅਤੇ ਵਿੱਦਿਆ ਦਾ ਮੁਕੰਮਲ ਤੌਰ ’ਤੇ ਵਪਾਰੀਕਰਨ ਕਰ ਦਿੱਤਾ ਗਿਆ ਹੈ। ਅੱਜ ਇਹ ਸੇਵਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ ਅਤੇ ਇਹਨਾਂ ਨੂੰ ਮੁਨਾਫੇ ਬਖਸ਼ ਧੰਦੇ ਵਿੱਚ ਬਦਲ ਦਿੱਤਾ ਗਿਆ। ਇਹਨਾਂ ਬੁਨਿਆਦੀ ਲੋੜਾਂ ਤੋਂ ਧਿਆਨ ਲਾਂਭੇ ਰੱਖਣ ਲਈ ਫਾਸ਼ੀਵਾਦ ਦੀਆਂ ਨੀਤੀਆਂ ’ਤੇ ਚੱਲ ਰਹੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਧਾਰਮਿਕ ਬਖੇੜੇ ਖੜੇ ਕੀਤੇ ਜਾ ਰਹੇ ਹਨ। ਘੱਟ ਗਿਣਤੀਆਂ ’ਤੇ ਹਰ ਰੋਜ਼ ਹਮਲਿਆਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਖਾਸ ਕਰਕੇ ਮੁਸਲਿਮ ਘੱਟ ਗਿਣਤੀ ਵਿਰੁੱਧ ਨਫਰਤ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਯੂ.ਪੀ. ਦੇ ਮੁੱਖ ਮੰਤਰੀ ਵੱਲੋਂ ਸੰਵਿਧਾਨਕ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਖੁੱਲੇ੍ਹਆਮ ਬਹੁਗਿਣਤੀ ਨੂੰ ਘੱਟ-ਗਿਣਤੀ ਭਾਈਚਾਰਿਆਂ ਵਿਰੱੁਧ ਦੰਗਿਆਂ ਲਈ ਉਕਸਾਇਆ ਜਾ ਰਿਹਾ ਹੈ। ਬਰਾੜ ਵੱਲੋਂ ਪੰਜਾਬ ਦੇ ਹਾਲਾਤ ’ਤੇ ਗੱਲ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਕਰਾਰ ਦਿੱਤਾ ਗਿਆ, ਜੋ ਕਿ ਲੋਕਾਂ ਦੀਆਂ ਹਕੀਕੀ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਚੁਟਕਲੇ ਸੁਣਾ ਕੇ ਹੀ ਗੱਡੀ ਰੇੜ੍ਹ ਰਿਹਾ ਹੈ। ਮੁਲਾਜ਼ਮਾਂ-ਮਜ਼ਦੂਰਾਂ, ਬੇਰੁਜ਼ਗਾਰੀ, ਅਮਨ ਕਾਨੂੰਨ, ਤਰ੍ਹਾਂ-ਤਰ੍ਹਾਂ ਦੇ ਮਾਫੀਏ, ਕਿਸਾਨੀ, ਗਰੀਬੀ ਆਦਿ ਵਰਗੇ ਗੰਭੀਰ ਮੁੱਿਦਆਂ ਦੇ ਹੱਲ ਲਈ ਇਹ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਰੁਪਏ ਤੋਂ ਵੀ ਟੱਪ ਚੁੱਕਿਆ ਹੈ।
ਇਸ ਕਾਨਫਰੰਸ ਨੂੰ ਭਰਾਤਰੀ ਸੰਦੇਸ਼ ਦਰਸ਼ਨ ਸਿੰਘ ਲੁਬਾਣਾ ਚੇਅਰਮੈਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਦਿੰਦੇ ਹੋਏ ਸੰਬੋਧਨ ਕੀਤਾ ਗਿਆ।
ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਾਨਫਰੰਸ ਦੇ ਸਨਮੁੱਖ ਤਿੰਨ ਸਾਲ ਦੌਰਾਨ ਯੂਨੀਅਨ ਦੇ ਕੰਮਕਾਰਾਂ, ਘਾਟਾਂ-ਕਮਜ਼ੋਰੀਆਂ ਅਤੇ ਅਗਲੇ ਕੰਮ ਅਤੇ ਟੀਚੇ ਆਦਿ ਦੀ ਰਿਪੋਰਟ ਪੇਸ਼ ਕੀਤੀ ਅਤੇ ਵਿਸਥਾਰ ਵਿੱਚ ਵਿਆਖਿਆ ਕੀਤੀ । ਰਿਪੋਰਟ ’ਤੇ 17 ਡੈਲੀਗੇਟਾਂ ਵੱਲੋਂ ਬਹਿਸ ਵਿੱਚ ਹਿੱਸਾ ਲਿਆ ਗਿਆ। ਉਪਰੰਤ ਰਿਪੋਰਟ ਸਰਬ-ਸੰਮਤੀ ਨਾਲ ਪਾਸ ਕੀਤੀ ਗਈ।
ਅਖੀਰ ਵਿੱਚ ਕਾਨਫਰੰਸ ਵੱਲੋਂ ਨਿਰਮਲ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ, ਗੁਰਵਿੰਦਰ ਸਿੰਘ ਗੋਲਡੀ ਨੂੰ ਚੇਅਰਮੈਨ ਤੇ ਦਲਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਕੁੱਲ 26 ਮੈਂਬਰੀ ਟੀਮ ਚੁਣੀ ਗਈ।

Related Articles

Latest Articles