ਨਿਸ਼ਾ ਸਿੱਧੂ ਨੇ ਭਾਰਤੀ ਮਹਿਲਾ ਫੈਡਰੇਸ਼ਨ ਦੀ ਕਮਾਨ ਸੰਭਾਲੀ

0
156

ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੀ ਤਿੰਨ ਰੋਜ਼ਾ ਕਾਨਫਰੰਸ ਦਿੱਲੀ ਵਿੱਚ ਸਫਲਤਾਪੂਰਵਕ ਖਤਮ ਹੋ ਗਈ। ਕਾਨਫਰੰਸ ਵਿੱਚ ਬਹੁਤ ਹੀ ਮਹੱਤਵਪੂਰਨ ਮੁੱਦੇ ਵਿਚਾਰੇ ਗਏ। ਭਾਰਤੀ ਮਹਿਲਾ ਫੈਡਰੇਸ਼ਨ ਦੀ ਨੀਤੀ ਹੈ ਕਿ ਨੌਜਵਾਨ ਔਰਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਗਰਮ ਕਰਨ ਉਤੇ ਜ਼ੋਰ ਦਿੱਤਾ ਜਾਵੇ।
ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਕਮਿਸ਼ਨ ਪੇਪਰ ਪੜ੍ਹਨ ਤੇ ਉਹਨਾਂ ਉੱਤੇ ਬਹਿਸ ਅਤੇ ਪਾਸ ਕਰਾਉਣ ਨਾਲ ਹੋਈ। ਵਰਨਣਯੋਗ ਹੈ ਕਿ ਚਾਰ ਕਮਿਸ਼ਨ ਬਿਠਾਏ ਗਏ ਸਨ, ਜਿਹੜੇ ਧਰਮ ਨਿਰਪੱਖਤਾ ਦੀ ਰਾਖੀ, ਲਿੰਗ ਅਧਾਰਤ ਹਿੰਸਾ, ਨਿਊ ਫਾਸ਼ੀਵਾਦ ਅਤੇ ਨੌਜਵਾਨ ਔਰਤਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਤ ਸਨ। ਇਹਨਾਂ ’ਤੇ ਭਰਪੂਰ ਬਹਿਸ ਉਪਰੰਤ ਵਾਧਿਆਂ ਸਮੇਤ ਪਾਸ ਕੀਤੇ ਗਏ। ਇਸ ਤੋਂ ਬਾਅਦ ਅੰਤਰਰਾਸ਼ਟਰੀ ਮਿੱਤਰਤਾ ਸੈਸ਼ਨ ਹੋਇਆ, ਜਿਸ ਵਿੱਚ ਵੈਨਜੂਏਲਾ, ਰਸ਼ੀਆ ਅਤੇ ਨੇਪਾਲ ਦਾ ਡੈਲੀਗੇਸ਼ਨ ਸ਼ਾਮਲ ਹੋਇਆ। ਵਿਦੇਸ਼ੀ ਡੈਲੀਗੇਸ਼ਨ ਨੇ ਸੰਸਾਰ ਪੱਧਰ ਉਤੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਿਆਂ ਵੱਖ-ਵੱਖ ਦੇਸ਼ਾਂ ਵਿਚ ਚੱਲ ਰਹੀ ਜੰਗ ਫੌਰੀ ਤੌਰ ’ਤੇ ਬੰਦ ਕਰਨ ਲਈ ਕਿਹਾ। ਅਗਲਾ ਸੈਸ਼ਨ ਨੌਜਵਾਨ ਔਰਤਾਂ ਵਾਸਤੇ ਸੀ, ਜੋ ਕਿ ਤਿੰਨ ਘੰਟੇ ਚੱਲਿਆ। ਇਸ ਨੂੰ ਸੁਪ੍ਰੀਆ ਚਟਾਨੀ ਅਤੇ ਅਪਰਾਜੀਤਾ ਰਾਜਾ ਨੇ ਚਲਾਇਆ। ਇਸ ਵਿੱਚ ਨੌਜਵਾਨ ਔਰਤਾਂ ਨਾਲ ਸੰਬੰਧਤ ਮੁੱਦੇ ਸਮਝਣ, ਉਹਨਾਂ ਦੇ ਹੱਲ ਕਰਨ ਅਤੇ ਨੌਜਵਾਨ ਲੜਕੀਆਂ ਨੂੰ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਵਿੱਚ ਸਰਗਰਮ ਕਰਨ ’ਤੇ ਜ਼ੋਰ ਦਿੱਤਾ ਗਿਆ। ਮਹਾਨ ਹਸਤੀਆਂ ਨੇ ਇਸ ਸੈਸ਼ਨ ਨੂੰ ਸੰਬੋਧਨ ਕੀਤਾ। ਏ ਆਈ ਵਾਈ ਐੱਫ ਦੀ ਵਾਈਸ ਪ੍ਰੈਜ਼ੀਡੈਂਟ ਅਮਿ੍ਰਤਾ ਨੇ ਇਸ ਵਿੱਚ ਸਰਗਰਮ ਭੂਮਿਕਾ ਨਿਭਾਈ।
8 ਦਸੰਬਰ ਸਮਾਪਤੀ ਸੈਸ਼ਨ ਦੌਰਾਨ 125 ਮੈਂਬਰੀ ਨਵੀਂ ਨੈਸ਼ਨਲ ਕੌਂਸਲ ਦੀ ਚੋਣ ਕੀਤੀ ਗਈ। ਉਸ ਤੋਂ ਬਾਅਦ 43 ਮੈਂਬਰੀ ਐਗਜ਼ੈਕਟਿਵ ਦੀ ਵੀ ਚੋਣ ਕੀਤੀ ਗਈ। ਨਵੀਂ ਐਗਜ਼ੈਕਟਿਵ ਵੱਲੋਂ ਸਰਬ-ਸੰਮਤੀ ਨਾਲ ਨਿਸ਼ਾ ਸਿੱਧੂ ਨੂੰ ਜਨਰਲ ਸਕੱਤਰ ਅਤੇ ਕ੍ਰਾਂਤੀਕਾਰੀ ਸਮਾਜ ਸੇਵਿਕਾ ਸਈਦਾ ਹਮੀਦ ਨੂੰ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਹੁਤ ਹੀ ਜੁਝਾਰੂ ਔਰਤਾਂ ਐਨੀ ਰਾਜਾ ਅਤੇ ਅਰੁਣਾ ਰਾਏ ਨੇ ਕਮਾਨ ਸੰਭਾਲੀ ਹੋਈ ਸੀ, ਪਰੰਤੂ ਉਹਨਾਂ ਨੇ ਨਵੀਂ ਟੀਮ ਨੂੰ ਅੱਗੇ ਲਿਆਂਦਾ। ਇਸ ਤੋਂ ਇਲਾਵਾ ਮੀਤ ਪ੍ਰਧਾਨ ਅਤੇ ਸਹਾਇਕ ਸਕੱਤਰ ਵੀ ਚੁਣੇ ਗਏ। ਪੰਜਾਬ ਇਸਤਰੀ ਸਭਾ ਵੱਲੋਂ ਰਜਿੰਦਰਪਾਲ ਕੌਰ, ਨਰਿੰਦਰ ਸੋਹਲ, ਸੀਮਾ ਸੋਹਲ ਅਤੇ ਜੋਗਿੰਦਰ ਕੌਰ ਨੈਸ਼ਨਲ ਕੌਂਸਲ ਮੈਂਬਰ ਚੁਣੇ ਗਏ। ਦੋ ਸੀਟਾਂ ਖਾਲੀ ਰੱਖੀਆਂ ਗਈਆਂ। ਨਰਿੰਦਰ ਸੋਹਲ ਐਗਜ਼ੈਕਟਿਵ ਮੈਂਬਰ ਚੁਣੀ ਗਈ, ਜਦਕਿ ਰਜਿੰਦਰ ਪਾਲ ਨੂੰ ਸੈਂਟਰ ਦੇ ਕੋਟੇ ਵਿੱਚੋਂ ਮੀਤ ਪ੍ਰਧਾਨ ਬਣਾਇਆ ਗਿਆ। ਆਖਰੀ ਸੈਸ਼ਨ ਵਿੱਚ ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਏ ਆਈ ਐੱਸ ਐੱਫ ਦੇ ਰਾਸ਼ਟਰੀ ਪ੍ਰਧਾਨ ਵੀਰਾਜ, ਏ ਆਈ ਵਾਈ ਐੱਫ ਦੀ ਮੀਤ ਪ੍ਰਧਾਨ ਅਮਰਿਤਾ ਅਤੇ ਕਿਸਾਨ ਆਗੂ ਨੇ ਸੰਬੋਧਨ ਕੀਤਾ।