ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਦੇਸ਼ ਵਿਚ ਫਿਰਕੂ ਅਧਾਰ ’ਤੇ ਵੰਡੀਆਂ ਪਾਉਣਾ, ਮੁਸਲਿਮ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਨਫਰਤੀ ਪ੍ਰਚਾਰ ਨਾਲ ਵੋਟਾਂ ਦਾ ਧਰੁਵੀਕਰਨ ਕਰਨਾ ਹੀ ਭਾਜਪਾ ਦੀ ਰਾਜਨੀਤੀ ਦਾ ਦੇਸ਼ ਦੀ ਰਾਜਸੱਤਾ ’ਤੇ ਕਾਬਜ਼ ਹੋਣ ਦਾ ਮੁੱਖ ਹਥਿਆਰ ਹੈ, ਜਿਸ ਦੀ ਆੜ ਹੇਠ ਉਹ ਬਹੁ-ਗਿਣਤੀ ਆਮ ਲੋਕਾਂ ਨੂੰ ਦਰਪੇਸ਼ ਅਸਲ ਸਮੱਸਿਆਵਾਂ-ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਭਿ੍ਰਸ਼ਟਾਚਾਰ ਤੋਂ ਧਿਆਨ ਭਟਕਾ ਕੇ ਮੁੱਠੀਭਰ ਅਰਬਪਤੀਆਂ ਦੀ ਸੇਵਾ ’ਤੇ ਲੱਗੀ ਹੋਈ ਹੈ। ਇਹ ਸ਼ਬਦ ਸੀ ਪੀ ਆਈ ਫਰੀਦਕੋਟ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਹੇ। ਉਨ੍ਹਾ ਕਿਹਾ ਕਿ ਜਿਸ ਦਿਨ ਦੇਸ਼ ਦੇ ਲੋਕ ਇਸ ਸੱਚਾਈ ਨੂੰ ਸਮਝ ਲੈਣਗੇ, ਇਹੋ ਜਿਹੀ ਭਿ੍ਰਸ਼ਟ ਅਤੇ ਫਿਰਕੂ ਸਿਆਸਤ ਦਾ ਉਸੇ ਦਿਨ ਬਿਸਤਰਾ ਗੋਲ ਕਰ ਦੇਣਗੇ। ਸੀ ਪੀ ਆਈ ਇਸ ਵੱਡੇ ਉਦੇਸ਼ ਦੀ ਪੂਰਤੀ ਲਈ ‘ਇੰਡੀਆ ਗਠਜੋੜ’ ਖਾਸ ਕਰਕੇ ਹੋਰ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਲਗਾਤਾਰ ਯਤਨਸ਼ੀਲ ਹੈ।
ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਕਿਹਾ ਕਿ 26 ਦਸੰਬਰ ਨੂੰ ਪਾਰਟੀ ਦੀ ਸਥਾਪਨਾ ਦਾ 100ਵਾਂ ਵਰ੍ਹਾ ਸ਼ੁਰੂ ਹੋ ਰਿਹਾ ਹੈ। ਇਸ ਦਿਨ ਨੂੰ ਜ਼ਿਲ੍ਹਾ ਪਾਰਟੀ ਵੱਲੋਂ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ ਅਤੇ ਅਜ਼ਾਦੀ ਦੀ ਲੜਾਈ ਤੋਂ ਲੈ ਕੇ ਹੁਣ ਤੱਕ ਪਾਰਟੀ ਵੱਲੋਂ ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇਗਾ। ਮੀਟਿੰਗ ਵਿੱਚ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਗੁਰਚਰਨ ਸਿੰਘ ਮਾਨ, ਗੋਰਾ ਸਿੰਘ ਪਿਪਲੀ, ਪ੍ਰਦੀਪ ਬਰਾੜ, ਹਰਪਾਲ ਸਿੰਘ ਮਚਾਕੀ, ਪੱਪੀ ਢਿੱਲਵਾਂ, ਇੰਦਰਜੀਤ ਸਿੰਘ ਗਿੱਲ, ਮੁਖਤਿਆਰ ਸਿੰਘ ਭਾਣਾ ਅਤੇ ਗੁਰਦੀਪ ਸਿੰਘ ਦੀਪ ਸਿੰਘ ਵਾਲਾ ਨੇ ਵੀ ਵਿਚਾਰ ਪ੍ਰਗਟ ਕੀਤੇ। ਸਭ ਨੇ ਅਨੁਸ਼ਾਸਨ ਵਿਚ ਰਹਿੰਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇੱਕ ਮਤਾ ਪਾਸ ਕਰਕੇ ਕਿਸਾਨਾਂ, ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਚੱਲ ਰਹੇ ਸੰਘਰਸ਼ਾਂ ਨੂੰ ਪੂਰਾ ਸਹਿਯੋਗ ਦੇਣ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਜਗਤਾਰ ਸਿੰਘ ਭਾਣਾ, ਜਗਤਾਰ ਸਿੰਘ ਰਾਜੋਵਾਲਾ, ਚਰਨਜੀਤ ਸਿੰਘ ਚੰਬੇਲੀ, ਸੁਖਚਰਨ ਸਿੰਘ, ਗੁਰਮੇਲ ਸਿੰਘ ਲਾਲੇਆਣਾ, ਉੱਤਮ ਸਿੰਘ ਸਾਦਿਕ ਆਦਿ ਜ਼ਿਲ੍ਹਾ ਕੌ2ਸਲ ਮੈਂਬਰ ਹਾਜ਼ਰ ਹੋਏ। ਇਸ ਮੌਕੇ ਪ੍ਰਦੀਪ ਸਿੰਘ ਬਰਾੜ ਨੇ ਆਪਣੇ ਬੇਟੇ ਦੀ ਸ਼ਾਦੀ ਅਤੇ ਗੁਰਨਾਮ ਸਿੰਘ ਨੇ ਪਿੰਡ ਦਾ ਸਰਪੰਚ ਚੁਣੇ ਜਾਣ ’ਤੇ ਸਭ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ।