ਅੰਮਿ੍ਰਤਸਰ (ਨਰਿੰਦਰਜੀਤ ਸਿੰਘ)-ਕਮਿਸ਼ਨਰੇਟ ਪੁਲਸ ਅੰਮਿ੍ਰਤਸਰ ਨੇ ਮੰਗਲਵਾਰ ਇੱਕ ਨਸ਼ਾ ਤਸਕਰ ਨੂੰ ਗਿ੍ਰਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 5.1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਉਰਫ਼ ਗੋਰਾ (32) ਵਾਸੀ ਬਸਤੀ ਮੁਹੰਮਦ ਸ਼ਾਹ ਵਾਲੀ, ਫਿਰੋਜ਼ਪੁਰ ਵਜੋਂ ਹੋਈ ਹੈ। ਉਸ ਦੀ ਟੋਇਟਾ ਫਾਰਚੂਨਰ ਨੂੰ ਵੀ ਜ਼ਬਤ ਕਰ ਲਿਆ ਹੈ। ਉਹ ਅੰਮਿ੍ਰਤਸਰ ਸੈਕਟਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਮੁਲਜ਼ਮ ਦੇ ਇੱਕ ਹੋਰ ਸਾਥੀ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।ਪੁਲਸ ਕਮਿਸ਼ਨਰ ਅੰਮਿ੍ਰਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡੀ ਸੀ ਪੀ ਆਲਮ ਵਿਜੇ ਸਿੰਘ, ਏ ਡੀ ਸੀ ਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਅਤੇ ਏ ਸੀ ਪੀ ਡਿਟੈਕਟਿਵ ਕੁਲਦੀਪ ਸਿੰਘ ਦੀ ਨਿਗਰਾਨੀ ਵਿੱਚ ਤੇ ਇੰਚਾਰਜ ਸੀ ਆਈ ਏ ਸਟਾਫ-1 ਅਮੋਲਕਦੀਪ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਸ ਟੀਮ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਅੰਮਿ੍ਰਤਸਰ ਦੇ ਲੋਹਾਰਕਾ ਰੋਡ ਤੋਂ ਫਾਰਚੂਨਰ, ਜਿਸ ਵਿੱਚ ਮੁਲਜ਼ਮ ਸਫਰ ਕਰ ਰਿਹਾ ਸੀ, ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕੀਤੀ। ਉਹ ਕਿਸੇ ਹੋਰ ਸਮੱਗਲਰ, ਜਿਸ ਨੇ ਸਰਹੱਦ ਪਾਰੋਂ ਭੇਜੀ ਖੇਪ ਹਾਸਲ ਕੀਤੀ ਸੀ, ਤੋਂ ਹੈਰੋਇਨ ਪ੍ਰਾਪਤ ਕਰਕੇ ਅਟਾਰੀ ਤੋਂ ਆ ਰਿਹਾ ਸੀ।
ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਹ ਪਿਛਲੇ ਪੰਜ-ਛੇ ਮਹੀਨਿਆਂ ਤੋਂ ਤਸਕਰੀ ਦਾ ਧੰਦਾ ਕਰ ਰਿਹਾ ਸੀ ਅਤੇ ਉਸ ਨੇ ਘੱਟੋ-ਘੱਟ ਤਿੰਨ ਖੇਪਾਂ ਦੀ ਡਿਲੀਵਰੀ ਕੀਤੀ ਹੈ।