ਵੈਨਕੂਵਰ : ਚਾਰ ਦਿਨ ਪਹਿਲਾਂ ਬਰੈਂਪਟਨ ’ਚ ਘਰ ਅੱਗੇ ਬਰਫ ਹਟਾਉਣ ਮੌਕੇ ਮਾਰਿਆ ਗਿਆ ਪਿ੍ਰਤਪਾਲ ਸਿੰਘ (26) ਸੀ, ਜਿਸ ਨੇ ਥੋੜ੍ਹੇ ਦਿਨ ਪਹਿਲਾਂ ਘਰ ਕਿਰਾਏ ’ਤੇ ਲਿਆ ਸੀ। ਉਸ ਤੋਂ ਪਹਿਲਾਂ ਘਰ ਇੱਕ ਸਾਲ ਵਿਕਰੀ ’ਤੇ ਲੱਗਾ ਹੋਣ ਕਾਰਨ ਖਾਲੀ ਰਿਹਾ, ਪਰ ਗਾਹਕ ਨਾ ਮਿਲਣ ਕਰਕੇ ਮਾਲਕ ਨੇ ਘਰ ਕਿਰਾਏ ’ਤੇ ਚਾੜ੍ਹ ਦਿੱਤਾ ਸੀ।
ਪੁਲਸ ਬੁਲਾਰੇ ਰਿਚਰਡ ਚਿਨ ਨੇ ਦੱਸਿਆ ਕਿ ਕੰਕੌਰਡ ਡਰਾਈਵ ’ਤੇ ਓਡੀਅਨ ਸਟਰੀਟ ਸਥਿਤ ਘਰ ’ਚ ਰਹਿੰਦਾ ਪਿ੍ਰਤਪਾਲ ਤੇ ਉਸ ਦਾ ਸਾਥੀ ਰਾਤ 11 ਵਜੇ ਘਰ ਅੱਗੋਂ ਬਰਫ ਹਟਾ ਰਹੇ ਸਨ ਤਾਂ ਕਾਰ ’ਚ ਆਏ ਦੋ ਜਣਿਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਪਿ੍ਰਤਪਾਲ ਨੂੰ ਕਈ ਗੋਲੀਆਂ ਲੱਗਣ ਕਰ ਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਆਪਣੇ ਬਚਾਅ ਲਈ ਭੱਜਦੇ ਹੋਏ ਗੋਲੀ ਵੱਜੀ। ਪੀਲ ਪੁਲਸ ਦੇ ਸਾਰਜੈਂਟ ਜੈਨੀਫਰ ਟਿ੍ਰੰਬਲ ਦਾ ਮੰਨਣਾ ਹੈ ਕਿ ਇਸ ਕਤਲ ਤੋਂ ਥੋੜ੍ਹੀ ਦੂਰ ਅਤੇ ਕੁਝ ਮਿੰਟ ਬਾਅਦ ਕੈਲੇਡਨ ’ਚ ਹੋਈ ਗੋਲੀਬਾਰੀ ਉਸੇ ਫਿਰੌਤੀ ਗਰੋਹ ਦੀ ਕਰਤੂਤ ਹੋ ਸਕਦੀ ਹੈ, ਕਿਉਂਕਿ ਜਿਸ ਕੈਲੇਡਨ ਵਾਲੇ ਘਰ ’ਤੇ ਗੋਲੀਬਾਰੀ ਹੋਈ, ਉਹ ਵੀ ਉਸੇ ਵਿਅਕਤੀ ਦੀ ਮਾਲਕੀ ਵਾਲਾ ਹੈ, ਜਿੱਥੇ ਗੋਲੀਆਂ ਚਲਾ ਕੇ ਪਿ੍ਰਤਪਾਲ ਦੀ ਹੱਤਿਆ ਕੀਤੀ ਗਈ।
ਗੋਲੀਬਾਰੀ ਦੀ ਇਹ ਘਟਨਾ ਸਾਹਮਣੇ ਘਰ ਦੇ ਸੀ ਸੀ ਟੀ ਵੀ ਕੈਮਰੇ ’ਚ ਕੈਦ ਹੋ ਗਈ, ਜਿਸ ਦੀ ਵਾਇਰਲ ਹੋਈ ਵੀਡੀਓ ’ਚ ਗੋਲੀਬਾਰੀ ਹੁੰਦਿਆਂ ਹੀ ਦੋ ਜਣਿਆਂ ਨੂੰ ਅੰਦਰ ਵੱਲ ਭੱਜਦੇ ਵੇਖਿਆ ਜਾ ਸਕਦਾ ਹੈ, ਪਰ ਇੱਕ ਜਣਾ ਗੋਲੀ ਲੱਗਣ ਕਾਰਨ ਮੌਕੇ ’ਤੇ ਡਿੱਗ ਜਾਂਦਾ ਹੈ, ਜਦਕਿ ਦੂਜੇ ਨੂੰ ਇੱਕ ਗੋਲੀ ਲੱਗਣ ਦੇ ਬਾਵਜੂਦ ਉਸ ਦੀ ਜਾਨ ਬਚ ਗਈ।