ਨਵੀਂ ਦਿੱਲੀ : ਕਾਂਗਰਸ ਦੀ ਸੰਸਦ ਮੈਂਬਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਦੋਸ਼ ਲਾਇਆ ਕਿ ਸਰਕਾਰ ਲੋਕ ਸਭਾ ਨੂੰ ਇਕ ਰਣਨੀਤੀ ਵਜੋਂ ਗਿਣ-ਮਿੱਥ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ, ਕਿਉਂਕਿ ਉਹ ਅਡਾਨੀ ਮੁੱਦੇ ’ਤੇ ਚਰਚਾ ਕਰਨ ਤੋਂ ਡਰਦੀ ਹੈ। ਉਨ੍ਹਾ ਇਹ ਵੀ ਕਿਹਾ ਕਿ ਸੱਤਾਧਾਰੀ ਪਾਰਟੀ ਸਿਰਫ ਇਸ ਕਾਰਨ ਕਾਂਗਰਸ ਲੀਡਰਸ਼ਿਪ ’ਤੇ ਜਾਰਜ ਸੋਰੋਸ ਨਾਲ ਸੰਬੰਧਾਂ ਦੇ ਦੋਸ਼ ਲਗਾ ਰਹੀ ਹੈ, ਤਾਂ ਕਿ ਉਹ ਲੋਕਾਂ ਦਾ ਧਿਆਨ ਕਾਰੋਬਾਰੀ ਸਮੂਹ ਅਡਾਨੀ ਦੇ ਮਾਮਲੇ ਤੋਂ ਹਟਾ ਸਕੇ। ਉਨ੍ਹਾ ਕਿਹਾਮੈਂ ਸੰਸਦ ਲਈ ਨਵੀਂ ਹਾਂ ਤੇ ਹੈਰਾਨ ਹਾਂ ਕਿ ਪ੍ਰਧਾਨ ਮੰਤਰੀ 10 ਦਿਨਾਂ ਤੋਂ ਸੈਸ਼ਨ ਵਿੱਚ ਨਜ਼ਰ ਨਹੀਂ ਆਏ।
ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਪਿ੍ਰਅੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਸਰਕਾਰ ਜਾਂ ਤਾਂ ਸਦਨ ਨੂੰ ਚਲਾਉਣਾ ਨਹੀਂ ਚਾਹੁੰਦੀ ਜਾਂ ਫਿਰ ਉਹ ਸ਼ਾਇਦ ਸਦਨ ਚਲਾ ਹੀ ਨਹੀਂ ਸਕਦੀ। ਸਾਡਾ ਵਿਰੋਧ ਸਵੇਰੇ ਸਾਢੇ 10 ਤੋਂ 11 ਵਜੇ ਤੱਕ ਹੁੰਦਾ ਹੈ ਅਤੇ ਉਸ ਤੋਂ ਬਾਅਦ ਅਸੀਂ ਕੰਮ ਲਈ ਸਦਨ ਦੇ ਅੰਦਰ ਆ ਜਾਂਦੇ ਹਾਂ, ਪਰ ਤਾਂ ਵੀ ਕੰਮ ਨਹੀਂ ਹੋ ਰਿਹਾ।
ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾਜਿਵੇਂ ਹੀ ਅਸੀਂ ਬੈਠਦੇ ਹਾਂ, ਉਹ ਸਦਨ ਨੂੰ ਮੁਲਤਵੀ ਕਰਵਾਉਣ ਲਈ ਕੁਝ ਨਾ ਕੁਝ ਕਰਨਾ ਸ਼ੁਰੂ ਕਰ ਦਿੰਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ ਰਣਨੀਤੀ ਹੈ, ਉਹ ਬਹਿਸ ਨਹੀਂ ਚਾਹੁੰਦੇ।
ਉਨ੍ਹਾ ਦਾਅਵਾ ਕੀਤਾ ਕਿ ਸਰਕਾਰ ਅਡਾਨੀ ਮੁੱਦੇ ’ਤੇ ਚਰਚਾ ਕਰਨ ਤੋਂ ਡਰਦੀ ਹੈ, ਕਿਉਂਕਿ ਉਹ ਜਾਣਦੀ ਹੈ ਕਿ ਸਾਰੇ ਮੁੱਦੇ ਖੁੱਲ੍ਹ ਕੇ ਸਾਹਮਣੇ ਆ ਜਾਣਗੇ। ਆਪੋਜ਼ੀਸ਼ਨ ਨੇਤਾਵਾਂ ਦੀ ਜਾਰਜ ਸੋਰੋਸ ਨਾਲ ਮਿਲੀਭੁਗਤ ਦੇ ਭਾਜਪਾ ਵੱਲੋਂ ਲਾਏ ਜਾ ਰਹੇ ਦੋਸ਼ਾਂ ਬਾਰੇ ਪਿ੍ਰਅੰਕਾ ਗਾਂਧੀ ਨੇ ਕਿਹਾਮੈਨੂੰ ਨਹੀਂ ਲੱਗਦਾ ਇਕ ਇਸ ਤੋਂ ਵੱਧ ਹਾਸੋਹੀਣੀ ਗੱਲ ਕੋਈ ਹੋਰ ਹੋ ਸਕਦੀ ਹੈ। ਕਿਸੇ ਕੋਲ ਇਸ ਦਾ ਰਿਕਾਰਡ ਨਹੀਂ, ਕੋਈ ਨਹੀਂ ਜਾਣਦਾ ਕਿ ਉਹ ਆਖਰ ਗੱਲ ਕੀ ਕਰ ਰਿਹਾ ਹੈ। ਉਹ ਅਜਿਹਾ ਸਿਰਫ ਇਸ ਕਾਰਨ ਕਰ ਰਹੇ ਹਨ, ਕਿਉਂਕਿ ਉਹ ਅਡਾਨੀ ਮੁੱਦੇ ਉਤੇ ਚਰਚਾ ਨਹੀਂ ਕਰਨਾ ਚਾਹੁੰਦੇ।
ਪਿ੍ਰਅੰਕਾ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੱਲੋਂ ਕਾਂਗਰਸ ਅਤੇ ਇਸ ਦੀ ਲੀਡਰਸ਼ਿਪ ’ਤੇ ਅਮਰੀਕੀ ਅਰਬਪਤੀ ਜਾਰਜ ਸੋਰੋਸ ਅਤੇ ਭਾਰਤ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਇਹ ਗੱਲਾਂ ਕਹੀਆਂ। ਰਿਜਿਜੂ ਦੇ ਬਿਆਨ ਤੋਂ ਬਾਅਦ ਲੋਕ ਸਭਾ ਵਿਚ ਹੰਗਾਮਾ ਮਚ ਗਿਆ ਅਤੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।