ਵੈਨਕੂਵਰ : ਕੈਨੇਡਾ ਦੀ ਘੱਟਗਿਣਤੀ ਜਸਟਿਨ ਟਰੂਡੋ ਸਰਕਾਰ ਵਿਰੁੱਧ ਵਿਰੋਧੀ ਕੰਜ਼ਰਵੇਟਿਵ ਪਾਰਟੀ ਆਗੂ ਪੀਅਰ ਪੋਲਿਵਰ ਵੱਲੋਂ ਸੋਮਵਾਰ ਸੰਸਦ ’ਚ ਪੇਸ਼ ਕੀਤਾ ਗਿਆ ਤੀਜਾ ਤੇ ਆਖਰੀ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਗਿਆ। ਉਸ ਵੱਲੋਂ ਪਿਛਲੇ ਮਹੀਨਿਆਂ ’ਚ ਪੇਸ਼ ਦੋ ਮਤੇ ਕਿਸੇ ਹੋਰ ਪਾਰਟੀ ਵੱਲੋਂ ਸਮਰਥਨ ਨਾ ਕੀਤੇ ਜਾਣ ਕਾਰਨ ਠੁੱਸ ਹੋ ਗਏ ਸਨ।
ਵਿਰੋਧੀ ਆਗੂ ਵਲੋਂ ਅਚਾਨਕ ਇਹ ਆਖਰੀ ਦਾਅ ਇਸ ਕਰਕੇ ਖੇਡਿਆ ਗਿਆ ਕਿ ਸਰਕਾਰ ਸਮਰਥਕ ਐੱਨ ਡੀ ਪੀ ਆਗੂ ਜਗਮੀਤ ਸਿੰਘ ਵੱਲੋਂ ਸਰਕਾਰ ’ਤੇ ਜ਼ੋੋਰ ਪਾਇਆ ਜਾ ਰਿਹਾ ਹੈ ਕਿ ਜੀ ਐੱਸ ਟੀ ਦੀ ਛੋਟ ਅਤੇ ਢਾਈ ਸੌ ਡਾਲਰ ਦੀ ਰਾਹਤ ਅਦਾਇਗੀ ’ਚ ਪੈਨਸ਼ਨ ਅਧਾਰਤ ਬਜ਼ੁਰਗਾਂ ਨੂੰ ਵੀ ਜੋੜਿਆ ਜਾਵੇ। ਜਗਮੀਤ ਸਿੰਘ ਵੱਲੋਂ ਇਸ ਬਾਰੇ ਸਰਕਾਰ ਤੋਂ ਮੰਗ ਕੀਤੀ ਗਈ ਹੈ। ਸਿਆਸੀ ਸੂਝ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਵਿਰੋਧੀ ਆਗੂ ਨੇ ਜਗਮੀਤ ਸਿੰਘ ਦੀ ਇਸ ਨਾਰਾਜ਼ਗੀ ਦਾ ਫਾਇਦਾ ਚੁੱਕਣ ਦੀ ਤਾਕ ’ਚ ਹੀ ਬੇਭਰੋਸਗੀ ਮਤਾ ਪੇਸ਼ ਕੀਤਾ, ਜਿਸ ਵਿੱਚ ਅਸਫਲ ਹੋਣ ਕਰਕੇ ਉਸ ਨੇ ਆਪਣਾ ਆਖਰੀ ਮੌਕਾ ਵੀ ਗਵਾ ਲਿਆ ਹੈ।
ਅਸਲ ’ਚ ਮੰਦੀ ਦੀ ਮਾਰ ਝੱਲ ਰਹੀ ਕੈਨੇਡੀਆਈ ਆਰਥਿਕਤਾ ਦੇ ਇਸ ਦੌਰ ’ਚ ਕੰਜ਼ਰਵੇਟਿਵ ਪਾਰਟੀ (ਟੋਰੀ) ਤੋਂ ਬਿਨਾਂ ਕੋਈ ਵੀ ਪਾਰਟੀ ਚੋਣਾਂ ਦੇ ਜੋਖਮ ’ਚ ਨਹੀਂ ਪੈਣਾ ਚਾਹੁੰਦੀ ਤੇ ਇਸੇ ਆੜ ਹੇਠ ਸਰਕਾਰ ਨੂੰ ਆਪਣੇ ਸਮਰਥਕ ਲੋਕਾਂ ਦੀਆਂ ਮੰਗਾਂ ਮਨਜ਼ੂਰ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਗਮੀਤ ਸਿੰਘ ਵੱਲੋਂ ਮਤੇ ਦੇ ਵਿਰੋਧ ’ਚ ਵੋਟ ਦਿੱਤੇ ਜਾਣ ਮੌਕੇ ਟੋਰੀਆਂ ਵੱਲੋਂ ਜ਼ੋਰਦਾਰ ਚੁਭਵੀਆਂ ਟਿੱਪਣੀਆਂ ਕਰਨਾ ਉਨ੍ਹਾਂ ਦੀ ਇਸੇ ਯੋਜਨਾ ਦੀ ਗਵਾਹੀ ਭਰਦਾ ਲੱਗਿਆ। ਟੋਰੀ ਸੰਸਦ ਮੈਂਬਰਾਂ ਦੇ ਇਸ ਹੱਲੇ-ਗੁੱਲੇ ਦਾ ਜਵਾਬ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਜਿਹੀ ਕਿਸੇ ਖੇਡ ਦਾ ਹਿੱਸਾ ਨਹੀਂ ਬਣ ਸਕਦੀ, ਜੋ ਕੰਜ਼ਰਵੇਟਿਵ ਆਗੂਆਂ ਵੱਲੋਂ ਖੇਡੀਆਂ ਜਾ ਰਹੀਆਂ ਹਨ। ਜਗਮੀਤ ਸਿੰਘ ਵੱਲੋਂ ਬੇਭਰੋਸਗੀ ਮਤੇ ਦਾ ਵਿਰੋਧ ਕੀਤੇ ਜਾਣ ਕਰਕੇ ਟੋਰੀ ਨੇ ਐੱਨ ਡੀ ਪੀ ਵੱਲੋਂ ਜੀ ਅੱੈਸ ਟੀ ਰਾਹਤ ’ਚ ਸੋਧਾਂ ਕਰਨ ਵਾਲੇ ਮਤੇ ਦਾ ਵਿਰੋਧ ਕੀਤਾ, ਜਿਸ ਦਾ ਲਿਬਰਲ ਪਾਰਟੀ ਦੇ ਸਾਂਸਦ ਮੈਟਬਰ ਚੈਡ ਕੋਲਿਨ ਸਮੇਤ ਗਰੀਨ ਪਾਰਟੀ ਵੱਲੋਂ ਸਮਰਥਨ ਕੀਤਾ ਗਿਆ।