ਬੋਰਵੈੱਲ ’ਚ ਡਿੱਗੇ ਬੱਚੇ ਨੂੰ ਬਚਾਉਣ ਦੇ ਜਤਨ

0
112

ਜੈਪੁਰ : ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਕਾਲੀਖੜ ਪਿੰਡ ’ਚ ਸੋਮਵਾਰ ਖੇਤ ਵਿਚ ਖੇਡਦੇ ਹੋਏ 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ 5 ਸਾਲਾ ਆਰੀਅਨ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਸਨ। ਇਸ ਲਈ ਸੱਤ ਜੇ ਸੀ ਬੀ ਮਸ਼ੀਨਾਂ ਅਤੇ ਤਿੰਨ ਹੋਰ ਮਸ਼ੀਨਾਂ ਲਾਈਆਂ ਗਈਆਂ ਹਨ। ਬਚਾਅ ਟੀਮਾਂ ਨੇ ਕੈਮਰੇ ਰਾਹੀਂ ਬੱਚੇ ਦੀ ਹਿਲਜੁਲ ਦਾ ਪਤਾ ਲਗਾਇਆ ਹੈ ਅਤੇ ਆਰੀਅਨ ਨੇ ਉਸ ਵੱਲ ਵਧੀ ਹੋਈ ਰੱਸੀ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਹੈ। ਮੈਡੀਕਲ ਕਰਮਚਾਰੀ ਪਾਈਪ ਰਾਹੀਂ ਬੱਚੇ ਨੂੰ ਆਕਸੀਜਨ ਸਪਲਾਈ ਕਰ ਰਹੇ ਸਨ।
ਡਰਾਈਵਰ ਸਣੇ 3 ਜਣਿਆਂ ਦੀ ਮੌਤ
ਕੁੱਲੂ : ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੇ ਅਨੀ ਉਪਮੰਡਲ ’ਚ ਮੰਗਲਵਾਰ ਨਿੱਜੀ ਬੱਸ ਸਵੇਰੇ ਕਰੀਬ 11.30 ਵਜੇ ਸਵਾਦ-ਅਨੀ ਮਾਰਗ ’ਤੇ ਸਕਹਾਦ ਨੇੜੇ ਡੂੰਘੀ ਖੱਡ ’ਚ ਡਿੱਗਣ ਕਾਰਨ ਡਰਾਈਵਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਬੱਸ ਵਿੱਚ 40 ਤੋਂ ਵੱਧ ਲੋਕ ਸਵਾਰ ਸਨ।
ਧਰਮਿੰਦਰ ਨੂੰ ਸੰਮਨ
ਨਵੀਂ ਦਿੱਲੀ : ਗਰਮ-ਧਰਮ ਢਾਬਾ ਫਰੈਂਚਾਇਜ਼ੀ ਨਾਲ ਧੋਖਾਧੜੀ ਦੇ ਮਾਮਲੇ ’ਚ 89 ਸਾਲਾ ਧਰਮਿੰਦਰ ਅਤੇ ਦੋ ਹੋਰਾਂ ਨੂੰ ਸੰਮਨ ਜਾਰੀ ਹੋਏ ਹਨ। ਸ਼ਿਕਾਇਤਕਰਤਾ ਦੇ ਵਕੀਲ ਡੀ ਡੀ ਪਾਂਡੇ ਨੇ ਕਿਹਾ ਕਿ ਜੁਡੀਸ਼ੀਅਲ ਮੈਜਿਸਟਰੇਟ ਯਸ਼ਦੀਪ ਚਾਹਲ ਨੇ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਦੀ ਸ਼ਿਕਾਇਤ ’ਤੇ ਸੰਮਨ ਜਾਰੀ ਕੀਤੇ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੂੰ ਫਰੈਂਚਾਇਜ਼ੀ ’ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ। ਜੱਜ ਨੇ ਕਿਹਾ ਕਿ ਰਿਕਾਰਡ ’ਤੇ ਮੌਜੂਦ ਸਬੂਤਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਦੇ ਇਰਾਦੇ ਨੂੰ ਅੱਗੇ ਵਧਾਉਣ ਲਈ ਉਕਸਾਇਆ ਸੀ। ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਉਨ੍ਹਾ ਮੁਲਜ਼ਮਾਂ ਨੂੰ 20 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਨੋਟ ਕੀਤਾ ਕਿ ਇਹ ਸਾਫ ਤੌਰ ’ਤੇ ਸਪੱਸ਼ਟ ਹੈ ਕਿ ਦੋਵਾਂ ਧਿਰਾਂ ਵਿਚਕਾਰ ਲੈਣ-ਦੇਣ ਗਰਮ ਧਰਮ ਢਾਬੇ ਨਾਲ ਸੰਬੰਧਤ ਹੈ। ਸ਼ਿਕਾਇਤ ਦੇ ਅਨੁਸਾਰ ਅਪ੍ਰੈਲ 2018 ’ਚ ਸਹਿ-ਮੁਲਜ਼ਮ ਨੇ ਧਰਮ ਸਿੰਘ ਦਿਓਲ (ਧਰਮਿੰਦਰ) ਦੀ ਤਰਫੋਂ ਉੱਤਰ ਪ੍ਰਦੇਸ਼ ’ਚ ਐੱਨ ਐੱਚ-24/ਐੱਨ ਐੱਚ-9 ’ਤੇ ਗਰਮ ਧਰਮ ਢਾਬਾ ਦੀ ਫਰੈਂਚਾਇਜ਼ੀ ਖੋਲ੍ਹਣ ਦੀ ਪੇਸ਼ਕਸ਼ ਦੇ ਨਾਲ ਉਸ ਕੋਲ ਪਹੁੰਚ ਕੀਤੀ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਸਤੰਬਰ 2018 ’ਚ 17.70 ਲੱਖ ਰੁਪਏ ਦੀ ਰਕਮ ਦਾ ਚੈੱਕ ਸੌਂਪਿਆ ਸੀ ਪਰ ਉਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ।