9.4 C
Jalandhar
Thursday, January 23, 2025
spot_img

ਪੰਧੇਰ ਨੇ ਗਾਇਕਾਂ ਤੇ ਧਰਮ ਪ੍ਰਚਾਰਕਾਂ ਤੋਂ ਸਹਿਯੋਗ ਮੰਗਿਆ

ਪਟਿਆਲਾ : ਆਪਣੀਆਂ ਮੰਗਾਂ ਦੇ ਹੱਕ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦਾ ਅਗਲਾ ਜੱਥਾ ਸ਼ੰਭੂ ਸਰਹੱਦ ਤੋਂ 14 ਦਸੰਬਰ ਦਿੱਲੀ ਵੱਲ ਕੂਚ ਕਰੇਗਾ। ਇਸ ਵਿੱਚ 101 ਕਿਸਾਨ ਹੋਣਗੇ। ਇਹ ਐਲਾਨ ਮੰਗਲਵਾਰ ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਸੰਘਰਸ਼ ਦੀ ਅਗਲੀ ਰਣਨੀਤੀ ਉਤੇ ਕੀਤੀਆਂ ਗਈਆਂ ਡੂੰਘੀਆਂ ਵਿਚਾਰਾਂ ਤੋਂ ਬਾਅਦ ਕੀਤਾ। ਉਨ੍ਹਾ ਇਹ ਵੀ ਕਿਹਾ ਕਿ 11 ਦਸੰਬਰ ਨੂੰ ਪ੍ਰਾਰਥਨਾ ਦਿਵਸ ਮਨਾਇਆ ਜਾਵੇਗਾ।
ਪੰਧਰੇ ਨੇ ਦੁਖੀ ਮਨ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਹਰਿਆਣਾ ਦੌਰੇ ਦੌਰਾਨ ਕਿਸਾਨਾਂ ਬਾਰੇ ਇਕ ਸ਼ਬਦ ਨਹੀਂ ਬੋਲਿਆ। ਪੰਧੇਰ ਨੇ ਪੰਜਾਬੀ ਗਾਇਕਾਂ ਤੇ ਧਾਰਮਕ ਪ੍ਰਚਾਰਕਾਂ ਤੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਸੱਦਾ ਵੀ ਦਿੱਤਾ ਹੈ।
ਇਸ ਤੋਂ ਪਹਿਲਾਂ ਸਵੇਰੇ ਕਿਸਾਨਾਂ ਨੇ ਸ਼ੰਭੂ ਵਿਖੇ ਉਸ ਥਾਂ ਦੀ ਸਫਾਈ ਕੀਤੀ, ਜਿੱਥੇ ਹਰਿਆਣਾ ਪੁਲਸ ਨੇ ਦਿੱਲੀ ਜਾਣ ਵਾਲੇ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ ਸੁੱਟੇ ਸਨ। ਹਰਿਆਣਾ ਅਤੇ ਪੰਜਾਬ ਦੀਆਂ ਸ਼ੰਭੂ ਅਤੇ ਢਾਬੀ ਗੁੱਜਰਾਂ ਸਰਹੱਦਾਂ ਉਤੇ ਬੀਤੇ ਫਰਵਰੀ ਮਹੀਨੇ ਤੋਂ ਜਾਰੀ ਮੋਰਚਿਆਂ ਨੂੰ ਕਰੀਬ ਦਸ ਮਹੀਨੇ ਹੋ ਜਾਣ ਦੇ ਮੱਦੇਨਜ਼ਰ ਬੀਤੇ ਦਿਨੀਂ ਕਿਸਾਨ ਆਗੂਆਂ ਨੇ ਸੰਘਰਸ਼ ਦੇ ਅਗਲੇ ਪੜਾਅ ਦੌਰਾਨ ਸ਼ਾਂਤਮਈ ਢੰਗ ਨਾਲ ਅਤੇ ਬਿਨਾਂ ਟਰੈਕਟਰਾਂ-ਟਰਾਲੀਆਂ ਤੋਂ ਪੈਦਲ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਸੀ। ਇਸ ਤਹਿਤ 6 ਦਸੰਬਰ ਤੋਂ 101 ਕਿਸਾਨ ਮਰਜੀਵੜਿਆਂ ਦੇ ਜਥੇ ਪੜਾਅਵਾਰ ਦਿੱਲੀ ਭੇਜਣ ਦਾ ਐਲਾਨ ਕੀਤਾ ਗਿਆ ਸੀ। ਜਦੋਂ 6 ਦਸੰਬਰ ਨੂੰ ਪਹਿਲੇ ਜਥੇ ਨੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਸ ਨੇ ਸਖਤੀ ਕਰਦਿਆਂ ਸ਼ੰਭੂ ਬਾਰਡਰ ਨਹੀਂ ਟੱਪਣ ਦਿੱਤਾ। ਉਸ ਨੇ ਜਥੇ ਉਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਹੋਰ ਕਈ ਤਰ੍ਹਾਂ ਤਾਕਤ ਦੀ ਵਰਤੋਂ ਕੀਤੀ।
ਇਸ ਤੋਂ ਬਾਅਦ 8 ਦਸੰਬਰ ਨੂੰ ਫਿਰ 101 ਕਿਸਾਨਾਂ ਦੇ ਜਥੇ ਨੇ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ, ਪਰ ਇਸ ਕੋਸ਼ਿਸ਼ ਨੂੰ ਵੀ ਹਰਿਆਣਾ ਪੁਲਸ ਨੇ ਸਖਤੀ ਨਾਲ ਨਾਕਾਮ ਕਰ ਦਿੱਤਾ।
ਇਸੇ ਦੌਰਾਨ ਅਮਰੀਕਾ ਅਧਾਰਤ ਡਾਕਟਰ ਸਵੈਮਾਨ ਸਿੰਘ ਨੇ ਐੱਨ ਆਰ ਆਈ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਨ।

Related Articles

Latest Articles