ਸਰਕਾਰੀ ਡਾਕਟਰਾਂ ਨੂੰ ਡੱਲੇਵਾਲ ਤੱਕ ਨਹੀਂ ਪੁੱਜਣ ਦਿੱਤਾ

0
109

ਖਨੌਰੀ (ਸੰਗਰੂਰ) : ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਗੈਰ-ਸਿਆਸੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚੈੱਕਅੱਪ ਕਰਨ ਲਈ ਬੁੱਧਵਾਰ ਦੁਪਹਿਰ ਪੁੱਜੀ ਸਰਕਾਰੀ ਹਸਪਤਾਲ ਸਮਾਣਾ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਰਕਰਾਂ ਨੇ ਟੀਮ ਨੂੰ ਡੱਲੇਵਾਲ ਤੱਕ ਪਹੁੰਚਣ ਨਹੀਂ ਦਿੱਤਾ। ਬੀ ਕੇ ਯੂ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਸਰਕਾਰੀ ਡਾਕਟਰਾਂ ਦੀ ਟੀਮ ਡੱਲੇਵਾਲ ਦਾ ਚੈੱਕਅੱਪ ਕਰਦੀ ਤੇ ਟੈਸਟਾਂ ਲਈ ਸੈਂਪਲ ਲੈ ਕੇ ਜਾ ਰਹੀ ਹੈ, ਪਰ ਅੱਜ ਤੱਕ ਕੋਈ ਰਿਪੋਰਟ ਜਨਤਕ ਨਹੀਂ ਕੀਤੀ।
ਚੌੜਾ ਦਾ ਪੁਲਸ ਰਿਮਾਂਡ ਵਧਿਆ
ਅੰਮਿ੍ਰਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦਾ ਪੁਲਸ ਰਿਮਾਂਡ ਬੁੱਧਵਾਰ ਅਦਾਲਤ ਨੇ ਤਿੰਨ ਦਿਨ ਹੋਰ ਵਧਾ ਦਿੱਤਾ। ਪੁਲਸ ਨੇ ਅੱਠ ਦਿਨਾਂ ਦਾ ਰਿਮਾਂਡ ਮੰਗਿਆ ਸੀ।
ਬੱਚੇ ਨੂੰ ਬੋਰਵੈੱਲ ’ਚੋਂ ਕੱਢਣ ਦਾ ਅਪਰੇਸ਼ਨ ਜਾਰੀ
ਦੌਸਾ : ਬੋਰਵੈੱਲ ’ਚ ਡਿੱਗਣ ਵਾਲੇ ਪੰਜ ਸਾਲ ਦੇ ਬੱਚੇ ਨੂੰ ਬਚਾਉਣ ਲਈ ਬੁੱਧਵਾਰ ਵੀ ਅਪਰੇਸ਼ਨ ਜਾਰੀ ਰਿਹਾ। ਬਚਾਅਕਾਰੀਆਂ ਨੇ 35 ਮੀਟਰ ਸਮਾਨੰਤਰ ਡੂੰਘਾ ਟੋਆ ਪੁੱਟ ਲਿਆ ਸੀ ਤੇ ਬੱਚੇ ਨੂੰ ਬਚਾਉਣ ਲਈ 46 ਤੋਂ 48 ਮੀਟਰ ਹੋਰ ਪੁੱਟਣ ਦੀ ਲੋੜ ਸੀ। ਬੱਚਾ ਕਰੀਬ 150 ਫੁੱਟ ਦੀ ਡੂੰਘਾਈ ’ਤੇ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਸੀ। ਉਸ ਨੂੰ ਲਗਾਤਾਰ ਆਕਸੀਜਨ ਦਿੱਤੀ ਜਾ ਰਹੀ ਸੀ।
ਸਿਸੋਦੀਆ ਨੂੰ ਰਾਹਤ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਦੀ ਸ਼ਰਤ ’ਚ ਢਿੱਲ ਦੇ ਦਿੱਤੀ, ਜਿਸ ਤਹਿਤ ਉਨ੍ਹਾ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਭਿ੍ਰਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲਿਆਂ ’ਚ ਹਫਤੇ ’ਚ ਦੋ ਵਾਰ ਜਾਂਚ ਅਧਿਕਾਰੀ ਨੂੰ ਰਿਪੋਰਟ ਕਰਨੀ ਪੈਂਦੀ ਸੀ। ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ ਇਹ ਸ਼ਰਤ ਹੁਣ ਜ਼ਰੂਰੀ ਨਹੀਂ। ਪਟੀਸ਼ਨਰ ਨੂੰ ਨਿਯਮਤ ਤੌਰ ’ਤੇ ਮੁਕੱਦਮੇ ਦੀ ਕਾਰਵਾਈ ’ਚ ਸ਼ਾਮਲ ਹੋਣਾ ਚਾਹੀਦਾ ਹੈ।
ਦਿੱਲੀ ’ਚ ਬੁੱਧਵਾਰ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ
ਨਵੀਂ ਦਿੱਲੀ : ਕੌਮੀ ਰਾਜਧਾਨੀ ਦਿੱਲੀ ’ਚ ਬੁੱਧਵਾਰ ਨੂੰ ਇਸ ਸਰਦੀਆਂ ਦੇ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ, ਜਦੋਂ ਪਿਛਲੇ ਦਿਨ ਦੇ 8 ਡਿਗਰੀ ਸੈਲਸੀਅਸ ਦੇ ਮੁਕਾਬਲੇ ਪਾਰਾ ਤੇਜ਼ੀ ਨਾਲ ਡਿੱਗ ਕੇ 4.9 ਡਿਗਰੀ ਤੱਕ ਪਹੁੰਚ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਸਫਦਰਜੰਗ ’ਚ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਇਸ ਸਰਦੀਆਂ ਦੇ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਹੈ। ਪਿਛਲੇ ਸਾਲ 15 ਦਸੰਬਰ ਨੂੰ ਵੀ ਇਹੀ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।