ਨਵੀਂ ਦਿੱਲੀ : ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਹਟਾਉਣ ਲਈ ਮਤਾ ਪੇਸ਼ ਕਰਨ ਦਾ ਨੋਟਿਸ ਦੇਣ ਦੇ ਇੱਕ ਦਿਨ ਬਾਅਦ ਬੁੱਧਵਾਰ ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਦੋਸ਼ ਲਾਇਆ ਕਿ ਉਹ ਸਦਨ ਦੀ ਕਾਰਵਾਈ ਵਿੱਚ ਵਿਘਨ ਦਾ ਸਭ ਤੋਂ ਵੱਡਾ ਕਾਰਨ ਹਨ, ਕਿਉਕਿ ਉਹ ਸਰਕਾਰ ਦੇ ਤਰਜਮਾਨ ਵਜੋਂ ਵਿਹਾਰ ਕਰਦੇ ਹਨ।
ਕਾਂਗਰਸ ਪ੍ਰਧਾਨ ਤੇ ਰਾਜ ਸਭਾ ਵਿੱਚ ਆਪੋਜ਼ੀਸ਼ਨ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾਹੁਣ ਤੱਕ ਉਪ ਰਾਸ਼ਟਰਪਤੀ ਨੂੰ ਹਟਾਉਣ ਦੀ ਮੰਗ ਕਦੇ ਨਹੀਂ ਕੀਤੀ ਗਈ, ਕਿਉਕਿ ਪਿਛਲੇ ਉਪ ਰਾਸ਼ਟਰਪਤੀ ਸਿਆਸੀ ਤੌਰ ’ਤੇ ਨਹੀਂ ਵਿਚਰਦੇ ਸਨ, ਪਰ ਅੱਜ ਅਸੀਂ ਇਹ ਕਹਿਣ ਲਈ ਮਜਬੂਰ ਹਾਂ ਕਿ ਸੰਸਦ ਵਿੱਚ ਸਿਆਸਤ ਖੇਡੀ ਜਾ ਰਹੀ ਹੈ। ਅਸੀਂ ਨਿਰਾਸ਼ ਹਾਂ ਕਿ ਆਜ਼ਾਦੀ ਦੇ 75ਵੇਂ ਵਰ੍ਹੇ ’ਚ ਵਿਤਕਰੇ ਭਰੇ ਰਵੱਈਏ ਨੇ ਸਾਨੂੰ ਬੇਵਿਸਾਹੀ ਮਤਾ ਲਿਆਉਣ ਲਈ ਮਜਬੂਰ ਕਰ ਦਿੱਤਾ। ਉਪ ਰਾਸ਼ਟਰਪਤੀ ਕਦੇ ਸਰਕਾਰ ਦੀ ਪ੍ਰਸੰਸਾ ਕਰਦੇ ਹਨ, ਕਦੇ ਖੁਦ ਨੂੰ ‘ਆਰ ਐੱਸ ਐੱਸ ਦਾ ਏਕਲੱਵਿਆ’ ਕਹਿੰਦੇ ਹਨ, ਆਗੂਆਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਹਨ ਤੇ ਉਨ੍ਹਾਂ ਨੂੰ ਹੈੱਡਮਾਸਟਰਾਂ ਵਾਂਗ ਪਾਠ ਪੜ੍ਹਾਉਦੇ ਤੇ ਬੋਲਣ ਤੋਂ ਰੋਕਦੇ ਹਨ। ਰਾਜ ਸਭਾ ਵਿੱਚ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਹਨ, ਜਿਨ੍ਹਾਂ ਨੂੰ ਪੜ੍ਹਾਉਦੇ ਹਨ। ਉਨ੍ਹਾ ਕਿਹਾਮੈਂ ਕਹਿਣਾ ਚਾਹੁੰਦਾ ਹਾਂ ਕਿ ਚੇਅਰਮੈਨ ਆਪੋਜ਼ੀਸ਼ਨ ਵੱਲੋਂ ਉਠਾਏ ਜਾਂਦੇ ਮੁੱਦਿਆਂ ’ਤੇ ਯੋਜਨਾਬੱਧ ਢੰਗ ਨਾਲ ਬਹਿਸ ਨਹੀਂ ਕਰਾਉਂਦੇ। ਅਸੀਂ ਮਹਿੂਸਸ ਕਰਦੇ ਹਾਂ ਕਿ ਉਹ ਸਰਕਾਰ ਦੇ ਤਰਜਮਾਨ ਬਣ ਗਏ ਹਨ। ਉਨ੍ਹਾ ਦੇ ਵਿਹਾਰ ਨੇ ਦੇਸ਼ ਦੇ ਵੱਕਾਰ ਨੂੰ ਢਾਹ ਲਾਈ ਹੈ।